- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ
- ਪ੍ਰਸ਼ਾਸਨ ਵੱਲੋਂ 14 ਜੁਲਾਈ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਗਈ
ਸੰਗਰੂਰ, 4 ਜੁਲਾਈ, 2026 (ਦਲਜੀਤ ਕੌਰ): ਤਿੰਨ ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਸਮੂਹ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ਵਿੱਚ ਪੱਕੇ ਕਰਵਾਉਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਫੀਲਡ ਵਰਕਰਾਂ ਦੇ ਕੰਮ ਨੂੰ ਖ਼ਤਰੇ ਵਾਲੇ ਕੰਮਾਂ ਦੀ ਸੂਚੀ ਵਿੱਚ ਸ਼ਾਮਿਲ ਕਰਕੇ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਮੂਹ ਪੜੇ ਲਿਖੇ ਅਤੇ ਅਨਪੜ੍ਹ ਵਰਕਰਾਂ ਨੂੰ ਰੈਗੂਲਰ ਕਰਵਾਉਣ, ਮੁਲਾਜ਼ਮਾਂ ਦੀ ਸੀਨੀਆਰਤਾ ਤੈਅ ਕਰਨ ਲਈ ਮਹੀਨੇ ਵਿੱਚ 26 ਦੀ ਬਜਾਏ 30 ਦਿਨ ਦਿਨ ਗਿਣਵਾਏ ਜਾਣ, ਮੁਲਾਜ਼ਮਾਂ ਦੀ ਸੀਨੀਅਰਤਾ ਵਿਚਲੀਆਂ ਤਰੁੱਟੀਆਂ ਦੂਰ ਕਰਵਾਉਣ, ਅੱਧੇ-ਅਧੂਰੇ ਰੂਪ ਵਿੱਚ ਰੈਗੂਲਰ ਕੀਤੇ ਮੁਲਾਜ਼ਮਾਂ ਉੱਤੇ ਸਿਵਲ ਸਰਵਿਸਿਜ਼ ਰੂਲਜ ਅਤੇ ਪੰਜਾਬ ਦਾ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਉਣ, ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਚੌਥਾ ਦਰਜਾ ਜੰਗਲਾਤ ਮੁਲਾਜ਼ਮਾਂ ਦੀ ਸੇਵਾ ਮੁਕਤੀ 58 ਦੀ ਬਜਾਏ 60 ਸਾਲ ਕਰਵਾਉਣ ਆਦਿ ਮੰਗਾਂ ਦੀ ਪੂਰਤੀ ਕਰਵਾਉਣ ਲਈ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸਥਾਨਕ ਧੂਰੀ ਰੋਡ ਤੇ ਸੂਬਾ ਪੱਧਰੀ ਰੋਸ ਧਰਨਾ ਦੇਣ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾਨਗਰੀ, ਜਨਰਲ ਸਕੱਤਰ ਬਲਵੀਰ ਸਿਵੀਆ ਅਤੇ ਵਿੱਤ ਸਕੱਤਰ ਬਲਵੀਰ ਗਿੱਲਾਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਹੈ ਉਹਨਾਂ ਨੂੰ ਵੀ ਪੱਕੇ ਮੁਲਾਜ਼ਮ ਵਾਲੀ ਕੋਈ ਸਹੂਲਤ ਨਹੀਂ ਦਿੱਤੀ ਗਈ। ਉਹਨਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗਰੰਟੀ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੇਵਲ ਮੀਟਿੰਗਾਂ ਕਰਕੇ ਟਾਇਮ ਟਪਾਇਆ ਜਾ ਰਿਹਾ ਹੈ ਪਰ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ।
ਜਥੇਬੰਦੀ ਦੇ ਆਗੂਆਂ ਜਗੀਰ ਸਿੰਘ ਦਸੂਹਾ, ਜਤਿੰਦਰ ਸਿੰਘ ਮਲੋਟ, ਗੁਰਪ੍ਰੀਤ ਸਿੰਘ ਮੋਗਾ ਅਤੇ ਹਰਿੰਦਰ ਕੁਮਾਰ ਐਮਾ ਨੇ ਆਖਿਆ ਕਿ ਵਿਭਾਗ ਵੱਲੋਂ ਉਹਨਾਂ ਦੀ ਸੀਨੀਅਤਾ ਤੈਅ ਕਰਨ ਵੇਲੇ ਨਾ ਮਹੀਨੇ ਦੇ ਪੂਰੇ ਦਿਨ ਗਿਣੇ ਜਾ ਰਹੇ ਹਨ ਅਤੇ ਨਾ ਹੀ ਸਰਵਿਸ ਰਿਕਾਰਡ ਵਿਚਲੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਆਪਣੇ ਸਿਆਸੀ ਹਿੱਤਾਂ ਲਈ ਔਰਤਾਂ ਦੇ ਖਾਤਿਆਂ ਵਿੱਚ 1000/1500 ਰੁਪਏ ਪਾ ਕੇ ਵਾਹ ਵਾਹ ਖੱਟੀ ਜਾ ਰਹੀ ਹੈ ਤਨਦੇਹੀ ਨਾਲ ਆਪਣੀ ਸੇਵਾ ਨਿਭਾਅ ਰਹੇ ਜੰਗਲਾਤ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ।
ਜਥੇਬੰਦੀ ਦੇ ਆਗੂਆਂ ਗੁਰਵਿੰਦਰ ਸਿੰਘ ਮਚਾਕੀ, ਮਹਿੰਦਰਪਾਲ ਦਸੂਹਾ, ਬਲਵਿੰਦਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਉਹਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਜੰਗਲਾਤ ਮੁਲਾਜ਼ਮਾਂ ਦੇ ਸਮਰਥਨ ਵਿੱਚ ਪੁੱਜੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਸੂਬਾਈ ਆਗੂਆਂ ਮੇਘ ਰਾਜ, ਬਲਜਿੰਦਰ ਪ੍ਰਭੂ, ਗੁਰਜੀਤ ਘੱਗਾ, ਹਰਜੀਤ ਸਿੰਘ ਵਾਲੀਆ ਅਤੇ ਬੱਬਨਪਾਲ ਸੰਗਰੂਰ ਤੋਂ ਇਲਾਵਾ ਸ਼ਿਵਦਿਆਲ, ਪ੍ਰਤਾਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।



