ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਲਈ ਪ੍ਰਵਾਸੀ ਮਜ਼ਦੂਰ ਦੀ ਜਾਨ

Top Trending News ਪੰਜਾਬ

 

ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਲਈ ਪ੍ਰਵਾਸੀ ਮਜ਼ਦੂਰ ਦੀ ਜਾਨ

ਜਗਰਾਓਂ, 4 ਜੁਲਾਈ 2026 ਜਗਰਾਓਂ ਨੇੜਲੇ ਪਿੰਡ ਪੱਬੀਆਂ ਵਿਖੇ ਬੁੱਧਵਾਰ ਰਾਤ ਨੂੰ ਵਾਪਰੀ ਇੱਕ ਦਰਦਨਾਕ ਘਟਨਾ ਨੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇ ਅਵਾਰਾ ਕੁੱਤਿਆਂ ਦੇ ਇੱਕ ਭਿਆਨਕ ਹਮਲੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮੇਸ਼ ਮੰਡਲ (ਪੁੱਤਰ ਜਾਗੇਸ਼ਵਰ, ਵਾਸੀ ਮੱਖਣਾਹਾ, ਪੂਰਨੀਆਂ, ਬਿਹਾਰ) ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ, ਰਮੇਸ਼ ਮੰਡਲ ਪਿੰਡ ਪੱਬੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ ਵਿੱਚ ਝੋਨਾ ਲਾਉਣ ਲਈ ਆਪਣੇ ਸਾਥੀਆਂ ਨਾਲ ਆਇਆ ਹੋਇਆ ਸੀ। ਬੁੱਧਵਾਰ ਰਾਤ ਨੂੰ ਉਹ ਸਾਰੇ ਖੇਤ ਵਿੱਚ ਬਣੀ ਮੋਟਰ ਦੀ ਛੱਤ ’ਤੇ ਸੌਂ ਰਹੇ ਸਨ। ਅੱਧੀ ਰਾਤ ਦੇ ਕਰੀਬ ਰਮੇਸ਼ ਦੇ ਮੋਬਾਈਲ ‘ਤੇ ਇੱਕ ਫੋਨ ਆਇਆ, ਜਿਸ ਨੂੰ ਸੁਣਨ ਲਈ ਉਹ ਛੱਤ ਤੋਂ ਹੇਠਾਂ ਉਤਰ ਆਇਆ ਅਤੇ ਗੱਲਾਂ ਕਰਦਾ-ਕਰਦਾ ਖੇਤਾਂ ਵੱਲ ਚਲਾ ਗਿਆ।

ਇਸੇ ਦੌਰਾਨ ਨੇੜਲੀ ਹੱਡਾ ਰੋੜੀ ਦੇ 12 ਤੋਂ 13 ਅਵਾਰਾ ਕੁੱਤਿਆਂ ਦੇ ਇੱਕ ਹਿੰਸਕ ਝੁੰਡ ਨੇ ਉਸ ਨੂੰ ਘੇਰ ਲਿਆ। ਕੁੱਤਿਆਂ ਦੇ ਹਮਲੇ ਵਿੱਚ ਰਮੇਸ਼ ਜ਼ਮੀਨ ‘ਤੇ ਡਿੱਗ ਪਿਆ, ਜਿਸ ਤੋਂ ਬਾਅਦ ਕੁੱਤਿਆਂ ਨੇ ਉਸ ‘ਤੇ ਭਿਆਨਕ ਹਮਲਾ ਕਰ ਦਿੱਤਾ। ਰਮੇਸ਼ ਨੇ ਆਪਣੀ ਜਾਨ ਬਚਾਉਣ ਲਈ ਕਾਫ਼ੀ ਰੌਲਾ ਪਾਇਆ, ਪਰ ਦਿਨ ਭਰ ਦੀ ਭੱਜ-ਦੌੜ ਤੇ ਥਕਾਵਟ ਕਾਰਨ ਗੂੜ੍ਹੀ ਨੀਂਦ ਵਿੱਚ ਸੁੱਤੇ ਉਸ ਦੇ ਸਾਥੀਆਂ ਨੂੰ ਕੁਝ ਵੀ ਪਤਾ ਨਾ ਲੱਗ ਸਕਿਆ। ਕੁੱਤਿਆਂ ਨੇ ਉਸ ਦੀ ਗਰਦਨ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਇੰਨੀ ਬੁਰੀ ਤਰ੍ਹਾਂ ਨੋਚਿਆ ਕਿ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

ਸਵੇਰੇ ਜਦੋਂ ਸਾਥੀਆਂ ਦੀ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੂੰ ਰਮੇਸ਼ ਦੀ ਖੇਤਾਂ ਵਿੱਚ ਪਈ ਲਾਸ਼ ਮਿਲੀ, ਜਿਸ ਦੀ ਹਾਲਤ ਬੇਹੱਦ ਖ਼ਰਾਬ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਚੌਂਕੀਮਾਨ ਦੇ ਇੰਚਾਰਜ ਸੁਖਮੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਹੈ, ਕਿਉਂਕਿ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਲਗਾਤਾਰ ਖ਼ਤਰਾ ਬਣੀ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।