- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ 13 ਕੌਂਸਲਰ ਭਲਕੇ ਚੁੱਕਣਗੇ ਸਹੁੰ
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 5 ਜੁਲਾਈ (ਭਟੋਆ): ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਪ੍ਰਸ਼ਾਸਨਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸਬਂਧੀ ਐਸਡੀਐਮ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਚੋਣ ਪ੍ਰਕਿਰਿਆ ਅੱਜ 6 ਜੁਲਾਈ ਨੂੰ ਸਵੇਰੇ 11:00 ਵਜੇ ਦਫ਼ਤਰ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਈ ਜਾਵੇਗੀ।
ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ, ਸ੍ਰੀ ਚਮਕੌਰ ਸਾਹਿਬ ਦੇ ਐਸ.ਡੀ.ਐਮ.-ਕਮ-ਪ੍ਰੀਜ਼ਾਈਡਿੰਗ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਬੈਂਸ ਵੱਲੋਂ ਵੱਖ-ਵੱਖ ਵਾਰਡਾਂ ਤੋਂ ਚੁਣੇ ਗਏ ਸਮੂਹ 13 ਕੌਂਸਲਰਾਂ ਨੂੰ ਅਹੁਦੇ ਅਤੇ ਭੇਦਗੁਪਤ ਰੱਖਣ ਦੀ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਸਮੇਤ ਸਮੂਹ ਚੁਣੇ ਗਏ ਕੌਂਸਲਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਗਿਆ ਹੈ।
ਪੱਤਰ ਅਨੁਸਾਰ ਸਹੁੰ ਚੁੱਕਣ ਅਤੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਮੈਂਬਰਾਂ ਵਿੱਚ ਪਵਨ ਕੌਰ (ਐਮ.ਸੀ. ਵਾਰਡ ਨੰਬਰ 1),ਵਿਸ਼ਾਲ ਕਸ਼ਿਅਪ (ਐਮ.ਸੀ. ਵਾਰਡ ਨੰਬਰ 2), ਜਸਵਿੰਦਰ ਸਿੰਘ (ਐਮ.ਸੀ. ਵਾਰਡ ਨੰਬਰ 3) ਸੰਦੀਪ ਕੌਰ (ਐਮ.ਸੀ. ਵਾਰਡ ਨੰਬਰ 4), ਕਿਰਪਾਲ ਸਿੰਘ ਗਿੱਲ (ਐਮ.ਸੀ. ਵਾਰਡ ਨੰਬਰ 5), ਰੀਤੂ ਕਸ਼ਿਅਪ (ਐਮ.ਸੀ. ਵਾਰਡ ਨੰਬਰ 6),ਚੈਚਲ ਸਿੰਘ (ਐਮ.ਸੀ. ਵਾਰਡ ਨੰਬਰ 7), ਕੁਲਵਿੰਦਰ ਕੌਰ (ਐਮ.ਸੀ. ਵਾਰਡ ਨੰਬਰ 8) ਸਤਵਿੰਦਰ ਕੌਰ (ਐਮ.ਸੀ. ਵਾਰਡ ਨੰਬਰ 9) ਪਰਮਿੰਦਰ ਕੌਰ (ਐਮ.ਸੀ. ਵਾਰਡ ਨੰਬਰ 10), ਵਰਿੰਦਰ ਕੁਮਾਰ (ਐਮ.ਸੀ. ਵਾਰਡ ਨੰਬਰ 11), ਹਰਜੀਤ ਕੌਰ (ਐਮ.ਸੀ. ਵਾਰਡ ਨੰਬਰ 12) ਅਤੇ ਹਰਜਿੰਦਰ ਕੌਰ (ਐਮ.ਸੀ. ਵਾਰਡ ਨੰਬਰ 13) ਆਦਿ ਸ਼ਾਮਿਲ ਹਨ। ਇਸ ਤੋ ਇਲਾਵਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਤਹਿਤ ਇਸ ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਮਨਜੀਤ ਸਿੰਘ ਔਲਖ ਡੀਐਸਪੀ ਨੂੰ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਅਤੇ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਰਹਿ ਕੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਸਮੁੱਚੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।



