ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮਹੀਨਾਵਾਰ ਮੀਟਿੰਗ ਹੋਈ; ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ

Top Trending News ਪੰਜਾਬ
  • ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮਹੀਨਾਵਾਰ ਮੀਟਿੰਗ ਹੋਈ; ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ

ਮੋਰਿੰਡਾ 5 ਜੁਲਾਈ (ਭਟੋਆ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਇੱਕ ਅਹਿਮ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਅਤੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਹਕੀਕਤ ਸਿੰਘ ਘੜੂੰਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨਾਂ ਨੂੰ ਦਰਪੇਸ਼ ਵੱਡੀਆਂ ਅਤੇ ਗੰਭੀਰ ਸਮੱਸਿਆਵਾਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।

ਪ੍ਰੈੱਸ ਨੋਟ ਜਾਰੀ ਕਰਦਿਆਂ ਹਕੀਕਤ ਸਿੰਘ ਘੜੂੰਆ ਨੇ ਦੱਸਿਆ ਕਿ ਅੱਜ-ਕੱਲ੍ਹ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤਾਂ ਲਈ ਬਿਜਲੀ ਦੀ ਸਪਲਾਈ ਬਹੁਤ ਹੀ ਘੱਟ ਘੰਟੇ ਦਿੱਤੀ ਜਾ ਰਹੀ ਹੈ, ਅਤੇ ਜੋ ਬਿਜਲੀ ਮਿਲਦੀ ਵੀ ਹੈ, ਉਸ ਵਿੱਚ ਕੱਟ ਅਤੇ ਵੋਲਟੇਜ ਦੀ ਫਲੱਕਚੂਏਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਮੋਟਰਾਂ ਚੱਲਣ ਵਿੱਚ ਦਿੱਕਤ ਆ ਰਹੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਝੋਨੇ ਦੇ ਮੌਸਮ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਪੂਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਤੋਂ ਇਲਾਵਾ, ਬਾਜ਼ਾਰ ਵਿੱਚ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਭਾਰੀ ਕਿੱਲਤ ਚੱਲ ਰਹੀ ਹੈ, ਜਿਸ ਨੂੰ ਤੁਰੰਤ ਦੂਰ ਕਰਕੇ ਸਹਿਕਾਰੀ ਸਭਾਵਾਂ (ਸੁਸਾਇਟੀਆਂ) ਵਿੱਚ ਖਾਦਾਂ ਦਾ ਲੋੜੀਂਦਾ ਸਟਾਕ ਮੁਹੱਈਆ ਕਰਵਾਇਆ ਜਾਵੇ।

ਮੀਟਿੰਗ ਵਿੱਚ ਸੜਕਾਂ ਦੀ ਮਾੜੀ ਹਾਲਤ ‘ਤੇ ਵੀ ਗਹਿਰੀ ਚਿੰਤਾ ਪ੍ਰਗਟਾਈ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਸੜਕਾਂ ਪੁੱਟ ਕੇ ਉਵੇਂ ਹੀ ਛੱਡ ਦਿੱਤੀਆਂ ਗਈਆਂ ਹਨ। ਪੱਥਰ ਅਤੇ ਮਿੱਟੀ ਖਿਲਰੀ ਹੋਣ ਕਾਰਨ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਰਾਹਗੀਰ ਅਤੇ ਇਲਾਕਾ ਨਿਵਾਸੀ ਬਹੁਤ ਪ੍ਰੇਸ਼ਾਨ ਹਨ ਅਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।

ਇਸ ਮਹੀਨਾਵਾਰ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਹਰਚੰਦ ਸਿੰਘ ਗੜਾਂਗਾ, ਬਹਾਦਰ ਸਿੰਘ ਨਿਆਮੀਆਂ, ਮਨਪ੍ਰੀਤ ਸਿੰਘ ਖੇੜੀ, ਗੁਰਮੀਤ ਸਿੰਘ ਟੋਨੀ, ਬਲਜੀਤ ਸਿੰਘ ਰਡਿਆਲਾ, ਕ੍ਰਿਪਾਲ ਸਿੰਘ ਰਡਿਆਲਾ, ਮਹਿੰਦਰ ਸਿੰਘ ਗੜਾਂਗਾ, ਜਸਵਿੰਦਰ ਸਿੰਘ ਗੜਾਂਗਾ, ਜਾਗਰ ਸਿੰਘ ਧੜਾਕ, ਕੁਲਵੀਰ ਸਿੰਘ ਸ਼ੇਰਗੜ੍ਹ, ਜਸਵਿੰਦਰ ਸਿੰਘ ਨਿਆਮੀਆਂ, ਜਸਮੇਰ ਸਿੰਘ ਸਹੌੜਾਂ, ਕਰਨਵੀਰ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਨਿਆਮੀਆਂ, ਅਵਤਾਰ ਸਿੰਘ ਮੱਕੜਾਂ ਅਤੇ ਨਵਰਾਜ ਸਿੰਘ ਘੜੂੰਆ ਅਤੇ ਲਾਗਲੇ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।