Big Breaking- ਚਰਨਜੀਤ ਚੰਨੀ ਦੇ ਹੱਕ ‘ਚ ਨਿੱਤਰੇ ਸੁਖਜਿੰਦਰ ਰੰਧਾਵਾ, ਪੜ੍ਹੋ ਸੋਸ਼ਲ ਮੀਡੀਆ ‘ਤੇ ਕੀ ਲਿਖਿਆ…!
ਚੰਡੀਗੜ੍ਹ 6 ਜੁਲਾਈ, 2026- ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਬਗਾਵਤ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਅੱਜ ਸੂਬੇ ਦੀ ਸਿਆਸਤ ਵਿੱਚ ਇੱਕ ਨਵਾਂ ਅਤੇ ਬੇਹੱਦ ਅਹਿਮ ਮੋੜ ਆਇਆ ਹੈ। ਕਾਂਗਰਸ ਦੇ ਸੀਨੀਅਰ ਆਗੂ, ਐਮ.ਪੀ. (MP) ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ.ਪੀ. ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਚੰਨੀ ਨਾਲ ਹੋਈ ਇੱਕ ਖਾਸ ਬੈਠਕ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇੱਕ ਮਜ਼ਬੂਤ ਸਿਆਸੀ ਸੰਦੇਸ਼ ਦਿੱਤਾ ਹੈ ਅਤੇ ਲਿਖਿਆ ਹੈ, “ਏਕਤਾ ਹੀ ਤਾਕਤ ਹੈ।” ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਦੋ ਤਸਵੀਰਾਂ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਇਨ੍ਹਾਂ ਤਸਵੀਰਾਂ ਵਿੱਚ ਮਾਝੇ ਦੇ ਦਿੱਗਜ ਕਾਂਗਰਸੀ ਲੀਡਰਾਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਕਈ ਵੱਡੇ ਚਿਹਰੇ ਇੱਕਜੁੱਟ ਦਿਖਾਈ ਦੇ ਰਹੇ ਹਨ। ਇਸ ਬੈਠਕ ਵਿੱਚ ਸ਼ਾਮਿਲ ਹੋਣ ਵਾਲੇ ਮੁੱਖ ਆਗੂਆਂ ਵਿੱਚ MLA ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ (MLA) ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਵਿਧਾਇਕ (MLA) ਪ੍ਰਗਟ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਵੱਡੇ ਪੱਧਰ ਦੇ ਲੀਡਰ ਵੀ ਇਸ ਬੈਠਕ ਦਾ ਹਿੱਸਾ ਬਣੇ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ। ਇਸ ਇਕੱਠ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਕਾਫੀ ਭੱਖ ਗਏ ਸਨ ਅਤੇ ਪਾਰਟੀ ਦੇ ਅੰਦਰ ਅਸਿੱਧੇ ਤੌਰ ‘ਤੇ ਬਗਾਵਤ ਦੀਆਂ ਸੁਰਾਂ ਉੱਠਣ ਲੱਗੀਆਂ ਸਨ। ਸਿਆਸੀ ਮਾਹਰਾਂ ਵੱਲੋਂ ਇਹ ਚਰਚਾ ਕੀਤੀ ਜਾ ਰਹੀ ਸੀ ਕਿ ਕਾਂਗਰਸ ਵਿੱਚ ਧੜੇਬੰਦੀ ਲਗਾਤਾਰ ਵਧ ਰਹੀ ਹੈ।



