ਪੰਜਾਬ ‘ਚ ਭਾਜਪਾ ਦਾ ਗੱਠਜੋੜ ਸਿੱਧਾ ਜਨਤਾ ਨਾਲ: CM ਸੈਣੀ ਨੇ ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਸੁਜਾਨਪੁਰ, 6 ਜੁਲਾਈ 2026
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸੁਜਾਨਪੁਰ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਅਤੇ ਜਨਤਕ ਇਕੱਠ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਕਿਸੇ ਵੀ ਸਿਆਸੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕੋ-ਇੱਕ ਗੱਠਜੋੜ ਪੰਜਾਬ ਦੀ ਮਿਹਨਤਕਸ਼ ਜਨਤਾ ਨਾਲ ਹੈ ਅਤੇ ਸੂਬੇ ਦੇ ਚਹੁੰਮੁਖੀ ਵਿਕਾਸ ਲਈ ਪੰਜਾਬ ਵਿੱਚ ‘ਡਬਲ ਇੰਜਣ’ ਦੀ ਸਰਕਾਰ ਦਾ ਹੋਣਾ ਅਤਿ ਜ਼ਰੂਰੀ ਹੈ।
ਮੁੱਖ ਮੰਤਰੀ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਪੰਜਾਬ ਦੇ ਟੈਕਸ ਦਾ ਪੈਸਾ ਅਤੇ ਸਰਕਾਰੀ ਜਹਾਜ਼ਾਂ ਦੀ ਦੁਰਵਰਤੋਂ ਕਰਕੇ ਗੁਜਰਾਤ ਵਰਗੇ ਰਾਜਾਂ ਵਿੱਚ ਜਾ ਕੇ ਫੋਕੀ ਭਾਸ਼ਣਬਾਜ਼ੀ ਕਰਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੂਜੇ ਪਾਸੇ ਪੰਜਾਬ ਦਾ ਕਿਸਾਨ ਅਤੇ ਹੜ੍ਹਾਂ ਦੀ ਮਾਰ ਝੱਲਣ ਵਾਲੇ ਪਰਿਵਾਰ ਅੱਜ ਵੀ ਮੁਆਵਜ਼ੇ ਨੂੰ ਤਰਸ ਰਹੇ ਹਨ।
ਸੈਣੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦਾ ਹਰ ਵਰਗ, ਖਾਸ ਕਰਕੇ ਨੌਜਵਾਨ ਅਤੇ ਕਿਸਾਨ, ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਦੀ ਜਨਤਾ ਆਉਣ ਵਾਲੇ ਸਮੇਂ ਵਿੱਚ ‘ਆਪ’ ਸਰਕਾਰ ਦੀਆਂ ਨਾਕਾਮੀਆਂ ਦਾ ਜਵਾਬ ਜ਼ਰੂਰ ਦੇਵੇਗੀ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ ਅਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਸਮੇਤ ਪਾਰਟੀ ਦੇ ਕਈ ਹੋਰ ਪ੍ਰਮੁੱਖ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ।



