ਵੱਡੀ ਖ਼ਬਰ: ਵਿਦੇਸ਼ੀ ਕੁੜੀਆਂ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਕੈਬਨਿਟ ਮੰਤਰੀ ਦਾ ਪੋਤਾ ਗ੍ਰਿਫ਼ਤਾਰ

Top Trending News ਕੌਮਾਂਤਰੀ

 

ਵੱਡੀ ਖ਼ਬਰ: ਵਿਦੇਸ਼ੀ ਕੁੜੀਆਂ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਕੈਬਨਿਟ ਮੰਤਰੀ ਦਾ ਪੋਤਾ ਗ੍ਰਿਫ਼ਤਾਰ

ਲਾਹੌਰ, 06 ਜੁਲਾਈ 2026- ਪਾਕਿਸਤਾਨ ਦੀ ਸਿਆਸਤ ਅਤੇ ਪ੍ਰਸ਼ਾਸਨ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਲਾਹੌਰ ਪੁਲਿਸ ਨੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਪੋਤੇ ਮੁਹੰਮਦ ਰਜ਼ਾ ਡਾਰ ਨੂੰ ਦੋ ਵਿਦੇਸ਼ੀ ਔਰਤਾਂ ਦੇ ਅਗਵਾ, ਜਿਨਸੀ ਸ਼ੋਸ਼ਣ ਅਤੇ ਸਮੂਹਿਕ ਬਲਾਤਕਾਰ (ਗੈਂਗਰੇਪ) ਦੇ ਗੰਭੀਰ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁੱਖ ਮੁਲਜ਼ਮ ਰਜ਼ਾ ਡਾਰ ਸਮੇਤ ਕੁੱਲ ਚਾਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤਾਂ ਵਿੱਚੋਂ ਇੱਕ ਨੀਦਰਲੈਂਡ ਦੀ ਅਤੇ ਦੂਜੀ ਵੈਨੇਜ਼ੁਏਲਾ ਦੀ ਨਾਗਰਿਕ ਹੈ। ਪੀੜਤ ਮਹਿਲਾਵਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਸਾਲ 2025 ਵਿੱਚ ਸਿੰਗਾਪੁਰ ਦੌਰਾਨ ਮੁਹੰਮਦ ਰਜ਼ਾ ਡਾਰ ਨਾਲ ਹੋਈ ਸੀ, ਜਿੱਥੇ ਉਹ ਕ੍ਰਿਪਟੋਕਰੰਸੀ (Cryptocurrency) ਕਾਰੋਬਾਰ ਵਿੱਚ ਹਿੱਸੇਦਾਰ ਸਨ। ਮੁਲਜ਼ਮ ਰਜ਼ਾ ਡਾਰ ਨੇ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਦੇ ਬਿਜ਼ਨਸ ਵੀਜ਼ੇ ਦਾ ਪ੍ਰਬੰਧ ਵੀ ਖੁਦ ਕੀਤਾ।

ਔਰਤਾਂ ਦਾ ਦਾਅਵਾ ਹੈ ਕਿ ਜਿਵੇਂ ਹੀ ਉਹ ਲਾਹੌਰ ਪਹੁੰਚੀਆਂ, ਉਨ੍ਹਾਂ ਨੂੰ ਅਗਵਾ ਕਰਕੇ ਇੱਕ ਨਿੱਜੀ ਰਿਹਾਇਸ਼ ‘ਤੇ ਬੰਧਕ ਬਣਾ ਲਿਆ ਗਿਆ। ਉੱਥੇ ਹਥਿਆਰਾਂ ਦੀ ਨੋਕ ‘ਤੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਕ੍ਰਿਪਟੋਕਰੰਸੀ ਫੰਡਾਂ ਦੇ ਪਾਸਵਰਡ ਮੰਗੇ ਗਏ ਅਤੇ 1.5 ਮਿਲੀਅਨ ਡਾਲਰ ਦੀ ਫਿਰੌਤੀ (Ransom) ਦੀ ਮੰਗ ਕੀਤੀ ਗਈ।

ਇਸ ਖ਼ੌਫ਼ਨਾਕ ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਕੁੜੀਆਂ ਵਿੱਚੋਂ ਇੱਕ ਦੇ ਪਿਤਾ ਨੇ ਸਪੇਨ ਤੋਂ ਲਾਹੌਰ ਪੁਲਿਸ ਦੀ ਐਮਰਜੈਂਸੀ ਹੈਲਪਲਾਈਨ ‘ਤੇ ਫੋਨ ਕਰਕੇ ਆਪਣੀ ਧੀ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ। ਮਾਮਲਾ ਵਿਦੇਸ਼ੀ ਨਾਗਰਿਕਾਂ ਅਤੇ ਹਾਈ-ਪ੍ਰੋਫਾਈਲ ਪਰਿਵਾਰ ਨਾਲ ਜੁੜਿਆ ਹੋਣ ਕਰਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਔਰਤਾਂ ਨੂੰ ਸੁਰੱਖਿਅਤ ਬਚਾ ਲਿਆ।

ਅਦਾਲਤ ਵੱਲੋਂ ਮੁਹੰਮਦ ਰਜ਼ਾ ਡਾਰ ਅਤੇ ਹੋਰ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਅਸਤੀਫ਼ੇ ਦੀ ਮੰਗ ਵੀ ਤੇਜ਼ ਹੋ ਗਈ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।