ਸੋਸ਼ਲ ਮੀਡੀਆ ਲਈ ਸਖ਼ਤ ਨਿਯਮ! Facebook ਦੇ ਮਾਲਕ ਨੇ ਕਰ’ਤਾ ਵੱਡਾ ਐਲਾਨ
ਮੇਟਾ ਨੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਸਖ਼ਤ ਕਦਮ: ਏਆਈ ਅਤੇ ਨਵੀਂ ਸਮੀਖਿਆ ਪ੍ਰਣਾਲੀ ਨਾਲ ਨਜਿੱਠਿਆ ਜਾਵੇਗਾ ਦੁਰਵਿਵਹਾਰ
ਨਵੀਂ ਦਿੱਲੀ, 8 ਜੁਲਾਈ 2026
ਸੋਸ਼ਲ ਮੀਡੀਆ ਦਿੱਗਜ ਮੇਟਾ (Meta) ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਕੰਪਨੀ ਆਪਣੇ ਪਲੇਟਫਾਰਮਾਂ ਉੱਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਵਿਗਿਆਪਨ ਸਮੀਖਿਆ ਪ੍ਰਣਾਲੀ, ਅਤਿ-ਆਧੁਨਿਕ ਏਆਈ (AI) ਟੂਲ ਅਤੇ ਸਖ਼ਤ ਲਾਗੂਕਰਨ ਕਾਰਵਾਈਆਂ ਨੂੰ ਤੇਜ਼ ਕੀਤਾ ਗਿਆ ਹੈ।
ਇਹ ਕਦਮ ਭਾਰਤ ਸਰਕਾਰ ਵੱਲੋਂ ਮੇਟਾ ਨੂੰ ਭੇਜੇ ਗਏ ਇੱਕ ਸਖ਼ਤ ਨੋਟਿਸ ਤੋਂ ਬਾਅਦ ਚੁੱਕਿਆ ਗਿਆ ਹੈ। ਦਰਅਸਲ, ਪਿਛਲੇ ਸ਼ਨੀਵਾਰ ਸਰਕਾਰ ਨੇ ਇੰਸਟਾਗ੍ਰਾਮ ਉੱਤੇ ਚੱਲਣ ਵਾਲੇ ‘ਪੇਡ’ (Paid) ਵਿਗਿਆਪਨਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਨਾਲ ਸਬੰਧਤ ਵੀਡੀਓਜ਼ ਅਤੇ ਇਤਰਾਜ਼ਯੋਗ ਸਮੱਗਰੀ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ।
ਸਰਕਾਰ ਨੇ ਇਸ ਗੰਭੀਰ ਕੁਤਾਹੀ ਲਈ ਮੇਟਾ ਤੋਂ ਜਵਾਬ ਮੰਗਿਆ ਸੀ। ਆਪਣੇ ਅਧਿਕਾਰਤ ਬਲੌਗ ਰਾਹੀਂ ਜਾਣਕਾਰੀ ਦਿੰਦਿਆਂ ਮੇਟਾ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।
ਕੰਪਨੀ ਨੇ ਦੱਸਿਆ ਕਿ ਉਹ ਅਜਿਹੀ ਸਮੱਗਰੀ ਦੀ ਪਛਾਣ ਕਰਨ ਅਤੇ ਉਸ ਨੂੰ ਹਟਾਉਣ ਲਈ ਆਪਣੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਮੇਟਾ ਦੇ ਅਨੁਸਾਰ, ਨਵੀਂ ਵਿਗਿਆਪਨ ਸਮੀਖਿਆ ਪ੍ਰਣਾਲੀ ਇਹ ਯਕੀਨੀ ਬਣਾਏਗੀ ਕਿ ਕਿਸੇ ਵੀ ਵਿਗਿਆਪਨ ਰਾਹੀਂ ਨੁਕਸਾਨਦੇਹ ਜਾਂ ਗੈਰ-ਕਾਨੂੰਨੀ ਸਮੱਗਰੀ ਦਾ ਪ੍ਰਚਾਰ ਨਾ ਹੋਵੇ। ਇਸ ਤੋਂ ਇਲਾਵਾ, ਏਆਈ ਟੂਲਸ ਦੀ ਮਦਦ ਨਾਲ ਅਜਿਹੀ ਸਮੱਗਰੀ ਨੂੰ ਪੋਸਟ ਹੋਣ ਤੋਂ ਪਹਿਲਾਂ ਹੀ ਫਿਲਟਰ ਕੀਤਾ ਜਾਵੇਗਾ।
ਮੇਟਾ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੈ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਖਾਤਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਦਬਾਅ ਤੋਂ ਬਾਅਦ ਮੇਟਾ ਦਾ ਇਹ ਕਦਮ ਡਿਜੀਟਲ ਸਪੇਸ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇੱਕ ਅਹਿਮ ਪਹਿਲ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਇਹ ਤਕਨੀਕੀ ਬਦਲਾਅ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਨਹੀਂ।



