ਸਿਆਸੀ ਤਣਾਅ: ਕਾਂਗਰਸੀ ਕੌਂਸਲਰਾਂ ‘ਤੇ ਦਬਾਅ ਦੇ ਇਲਜ਼ਾਮਾਂ ਮਗਰੋਂ ਥਾਣੇ ਪਹੁੰਚੇ ਚਰਨਜੀਤ ਚੰਨੀ, ਪੁਲਿਸ ਨੂੰ ਦਿੱਤੀ ਚੇਤਾਵਨੀ

Top Trending News ਪੰਜਾਬ
  • ਸਿਆਸੀ ਤਣਾਅ: ਕਾਂਗਰਸੀ ਕੌਂਸਲਰਾਂ ‘ਤੇ ਦਬਾਅ ਦੇ ਇਲਜ਼ਾਮਾਂ ਮਗਰੋਂ ਥਾਣੇ ਪਹੁੰਚੇ ਚਰਨਜੀਤ ਚੰਨੀ, ਪੁਲਿਸ ਨੂੰ ਦਿੱਤੀ ਚੇਤਾਵਨੀ

ਮੋਰਿੰਡਾ 10 ਜੁਲਾਈ (ਭਟੋਆ): ਮੋਰਿੰਡਾ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਆਸੀ ਪਾਰਾ ਭਖ ਗਿਆ ਹੈ। ਚੋਣ ਮੀਟਿੰਗ ਤੋਂ ਪਹਿਲਾਂ ਕਾਂਗਰਸੀ ਕੌਂਸਲਰਾਂ ਨੂੰ ਕਥਿਤ ਤੌਰ ‘ਤੇ ਡਰਾਉਣ-ਧਮਕਾਉਣ ਅਤੇ ਉਨ੍ਹਾਂ ‘ਤੇ ਆਮ ਆਦਮੀ ਪਾਰਟੀ (ਆਪ) ਦਾ ਸਮਰਥਨ ਕਰਨ ਲਈ ਦਬਾਅ ਪਾਉਣ ਦੇ ਇਲਜ਼ਾਮਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਚੰਨੀ ਨੇ ਸਥਾਨਕ ਸਿਟੀ ਥਾਣੇ ਪਹੁੰਚ ਕੇ ਐਸ.ਐਚ.ਓ. ਗਗਨਦੀਪ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ।

ਥਾਣੇ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੋਰਿੰਡਾ ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ, ਫਿਰ ਵੀ ਸਰਕਾਰ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਤਿੰਨ ਕਾਂਗਰਸੀ ਕੌਂਸਲਰਾਂ ਨੂੰ ਚੋਣ ਮੀਟਿੰਗ ਤੋਂ ਬਾਹਰ ਰੱਖਣ ਲਈ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਕੌਂਸਲਰਾਂ ਦੇ ਘਰਾਂ ਵਿੱਚ ਪੁਲਿਸ ਭੇਜ ਕੇ ਝੂਠੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਨਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਕੌਸਲਰਾਂ ਖਿਲਾਫ ਮਾਮਲਾ ਦਰਜ ਕਰਨ ਦੀ ਬਜਾਏ ਉਨਾਂ ਤੇ ਮੁਕੱਦਮਾ ਦਰਜ ਕਰੇ
। ਚੰਨੀ ਨੇ ਕਿਹਾ ਕਿ ਆਪਣੇ ਆਪ ਨੂੰ ‘ਕ੍ਰਾਂਤੀਕਾਰੀ’ ਕਹਾਉਣ ਵਾਲੀ ਸਰਕਾਰ ਸ਼ਰੇਆਮ ਲੋਕਤੰਤਰ ਦਾ ਕਤਲ ਕਰ ਰਹੀ ਹੈ। ਉਨਾ ਦੱਸਿਆ ਕਿ ਚਮਕੌਰ ਸਾਹਿਬ, ਕੌਂਸਲ ਦੀ ਚੋਣ ਦੌਰਾਨ ਵੀ ਸਰਕਾਰ ਵੱਲੋ ਪੁਲਿਸ ਦੀ ਸਹਾਇਤਾ ਨਾਲ ਕਾਂਗਰਸ ਸਮਰੱਥਕ ਇੱਕ ਕੌਸਲਰ ਨੂੰ ਚੋਣ ਸਥਾਨ ਤੇ ਜਾਣ ਦੀ ਥਾਂ ਧੱਕੇ ਨਾਲ ਕਿਸੇ ਦੂਜੇ ਕਮਰੇ ਵਿੱਚ ਬੰਦ ਕਰਕੇ ਚੋਣ ਲੁੱਟੀ ਗਈ ਹੈ।ਪ੍ਰੰਤੂ ਉਹ ਅਜਿਹੀ ਕੋਈ ਵੀ ਧੱਕੇਸ਼ਾਹੀ ਮੋਰਿੰਡਾ ਕੌਂਸਲ ਦੀ ਚੋਣ ਵਿਚ ਨਹੀ ਚੱਲਣ ਦੇਣਗੇ।

ਸਾਬਕਾ ਸੀਐਮ ਨੇ ਪੁਲਿਸ ਪ੍ਰਸ਼ਾਸਨ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੁਣੇ ਹੋਏ ਕਾਂਗਰਸੀ ਕੌਂਸਲਰਾਂ ਨੂੰ ਚੋਣ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ, ਤਾਂ ਉਹ ਕਾਂਗਰਸੀ ਵਰਕਰਾਂ ਸਮੇਤ ਥਾਣੇ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਾਕਮ ਧਿਰ ਦੇ ਇਸ਼ਾਰੇ ‘ਤੇ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ।

ਉਧਰ, ਇਸ ਸਬੰਧੀ ਸੰਪਰਕ ਕਰਨ ਤੇ ਐਸ.ਐਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਉਨਾ ਸ੍ਰੀ ਚੰਨੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੌਂਸਲਰ ਸੁਰਿੰਦਰ ਕੌਰ ਖ਼ਿਲਾਫ਼ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ,ਜਦਕਿ ਬਾਕੀ ਕੌਂਸਲਰਾਂ ਨੂੰ ਹਿਰਾਸਤ ਵਿੱਚ ਲੈਣ ਜਾਂ ਉਨ੍ਹਾਂ ਦੇ ਘਰਾਂ ਵਿੱਚ ਪੁਲਿਸ ਭੇਜਣ ਦੇ ਇਲਜ਼ਾਮਾਂ ਤੋਂ ਅਣਜਾਣਤਾ ਜ਼ਾਹਿਰ ਕੀਤੀ।
ਇਸੇ ਦੌਰਾਨ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਨੇ ਇਕ ਵੀਡੀਓ ਪਾ ਕੇ ਸਾਬਕਾ ਮੁੱਖ ਮੰਤਰੀ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਹਿਰ ਦਾ ਕੋਈ ਵੀ ਕੌਂਸਲਰ ਅਗਵਾ ਨਹੀ ਕੀਤਾ ਗਿਆ, ਸਗੋ ਅਕਾਲੀ ਦਲ ਦੇ ਕੌਂਸਲਰ ਜਗਪਾਲ ਸਿੰਘ ਜੌਲੀ,ਉਨਾ ਦੀ ਪਤਨੀ ਰਜਿੰਦਰ ਕੌਰ, ਅਕਾਲੀ ਪਿਛੋਕੜ ਵਾਲੇ ਕੌਂਸਲਰ ਅਮ੍ਰਿਤਪਾਲ ਸਿੰਘ ਖੱਟੜਾ, ਕਾਂਗਰਸ ਦੇ ਚੋਣ ਨਿਸ਼ਾਨ ਤੇ ਜੇਤੂ ਹਰਜੀਤ ਸਿੰਘ ਸੋਢੀ, ਹਰਜਿੰਦਰ ਸਿੰਘ ਛਿੱਬਰ, ਕੌਂਸਲਰ ਦਲਜੀਤ ਕੌਰ ਦੇ ਪਤੀ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਆਦਿ ਆਪਣੀ ਮਰਜੀ ਨਾਲ ਬਿਨਾ ਕਿਸੇ ਦਬਾਅ ਤੋ ਉਨਾ ਦੇ ਨਾਲ ਆਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।