ਚੰਡੀਗੜ੍ਹ ਵੱਲ ਅੱਜ ਕਿਸਾਨਾਂ ਦਾ ਵੱਡਾ ਮਾਰਚ: ਸੈਕਟਰ 34 ‘ਚ ਮਹਾਂਰੈਲੀ ਲਈ ਮਾਲਵਾ ਭਰ ‘ਚੋਂ ਉੱਮਡਿਆ ਜਨ-ਸੈਲਾਬ!

Top Trending News ਪੰਜਾਬ

 

ਚੰਡੀਗੜ੍ਹ ਵੱਲ ਅੱਜ ਕਿਸਾਨਾਂ ਦਾ ਵੱਡਾ ਮਾਰਚ: ਸੈਕਟਰ 34 ‘ਚ ਮਹਾਂਰੈਲੀ ਲਈ ਮਾਲਵਾ ਭਰ ‘ਚੋਂ ਉੱਮਡਿਆ ਜਨ-ਸੈਲਾਬ!

ਚੰਡੀਗੜ੍ਹ, 10 ਜੁਲਾਈ 2026

ਪੰਜਾਬ ਦੀਆਂ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਦੁਸਿਹਰਾ ਗਰਾਊਂਡ ਵਿੱਚ ਇੱਕ ਵਿਸ਼ਾਲ ਰੈਲੀ ਅਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮਹਾਂਰੈਲੀ ਦੇ ਮੱਦੇਨਜ਼ਰ ਅੱਜ ਦਿਨ ਚੜ੍ਹਦਿਆਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਮਾਲਵਾ ਖੇਤਰ ਵਿੱਚੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਵੱਡੇ-ਵੱਡੇ ਕਾਫਲਿਆਂ ਨੇ ਚੰਡੀਗੜ੍ਹ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜਧਾਨੀ ਵੱਲ ਵਧ ਰਹੇ ਇਨ੍ਹਾਂ ਕਾਫ਼ਲਿਆਂ ਕਾਰਨ ਹਾਈਵੇਅ ‘ਤੇ ਕਿਸਾਨੀ ਝੰਡਿਆਂ ਅਤੇ ਨਾਅਰਿਆਂ ਦੀ ਗੂੰਜ ਸਾਫ਼ ਸੁਣਾਈ ਦੇ ਰਹੀ ਹੈ।

ਇਸ ਰੋਸ਼ ਪ੍ਰਦਰਸ਼ਨ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ। ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਕਾਫ਼ਲਿਆਂ ਵਿੱਚ ਨੌਜਵਾਨਾਂ, ਬਜ਼ੁਰਗਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਔਰਤਾਂ ਦੀ ਗਿਣਤੀ ਵੀ ਬਹੁਤ ਵੱਡੀ ਪੱਧਰ ‘ਤੇ ਵੇਖਣ ਨੂੰ ਮਿਲ ਰਹੀ ਹੈ, ਜੋ ਜਥੇਬੰਦੀਆਂ ਦੇ ਸੱਦੇ ‘ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਘਰਾਂ ਤੋਂ ਬਾਹਰ ਨਿਕਲੀਆਂ ਹਨ।

ਰੈਲੀ ਨੂੰ ਸਫ਼ਲ ਬਣਾਉਣ ਲਈ ਉਤਸ਼ਾਹਿਤ ਕਿਸਾਨਾਂ ਅਤੇ ਪ੍ਰਬੰਧਕਾਂ ਵੱਲੋਂ ਹਰ ਤਰ੍ਹਾਂ ਦੇ ਬੰਦੋਬਸਤ ਪਹਿਲਾਂ ਤੋਂ ਹੀ ਮੁਕੰਮਲ ਕੀਤੇ ਹੋਏ ਸਨ। ਪ੍ਰਾਪਤ ਵੇਰਵਿਆਂ ਅਨੁਸਾਰ ਮਾਲਵਾ ਖੇਤਰ ਦੇ ਸਾਰੇ ਮੁੱਖ ਜ਼ਿਲ੍ਹਿਆਂ ਜਿਵੇਂ ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ, ਅਤੇ ਪਟਿਆਲਾ ਵਿੱਚੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ ਵਿਚ ਬੱਸਾਂ, ਮਿੰਨੀ ਵੈਨਾਂ, ਗੱਡੀਆਂ ਅਤੇ ਆਪੋ-ਆਪਣੇ ਨਿੱਜੀ ਸਾਧਨਾਂ ਰਾਹੀਂ ਰਵਾਨਾ ਹੋਏ। ਕਿਸਾਨਾਂ ਨੇ ਲੰਬੇ ਸੰਘਰਸ਼ ਦੇ ਮੱਦੇਨਜ਼ਰ ਲੰਗਰ-ਪ੍ਰਸ਼ਾਦਿਆਂ ਅਤੇ ਪਾਣੀ ਦਾ ਪ੍ਰਬੰਧ ਗੱਡੀਆਂ ਵਿੱਚ ਪਹਿਲਾਂ ਹੀ ਕੀਤਾ ਹੋਇਆ ਸੀ, ਤਾਂ ਜੋ ਰਸਤੇ ਵਿੱਚ ਜਾਂ ਚੰਡੀਗੜ੍ਹ ਪਹੁੰਚ ਕੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਦੂਜੇ ਪਾਸੇ, ਚੰਡੀਗੜ੍ਹ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਇਕੱਠੇ ਹੋਣ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਸੈਕਟਰ 34 ਅਤੇ ਸ਼ਹਿਰ ਦੇ ਸਾਰੇ ਪ੍ਰਵੇਸ਼ ਦੁਆਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਰੂਟ ਡਾਇਵਰਟ ਕੀਤੇ ਗਏ ਹਨ, ਤਾਂ ਜੋ ਆਮ ਜਨਤਾ ਨੂੰ ਪ੍ਰੇਸ਼ਾਨੀ ਨਾ ਹੋਵੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ ਅਤੇ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਲਈ ਇਹ ਇਕੱਠ ਇਤਿਹਾਸਕ ਸਾਬਤ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।