- ਨਗਰ ਕੌਂਸਲ ਮੋਰਿੰਡਾ ਚੋਣ: ਜਗਪਾਲ ਸਿੰਘ ਜੌਲੀ ਬਣੇ ਪ੍ਰਧਾਨ; ਸਾਬਕਾ CM ਅਤੇ ਮੌਜੂਦਾ MP ਚਰਨਜੀਤ ਚੰਨੀ ਵੱਲੋਂ ਧੱਕੇਸ਼ਾਹੀ ਦੇ ਦੋਸ਼
- ਵਿਧਾਇਕ ਡਾ. ਚਰਨਜੀਤ ਵੱਲੋਂ ਦਾਅਵਿਆਂ ਦਾ ਖੰਡਨ
ਮੋਰਿੰਡਾ 10 ਜੁਲਾਈ (ਭਟੋਆ): ਨਗਰ ਕੌਂਸਲ ਮੋਰਿੰਡਾ ਦੀ ਚੋਣ ਪ੍ਰਕਿਰਿਆ ਅੱਜ ਨਗਰ ਕੌਂਸਲ ਦੇ ਕਨਵੀਨਰ ਕਮ ਐਸ.ਡੀ.ਐਮ. ਮੋਰਿੰਡਾ ਸ਼੍ਰੀ ਚੇਤਨ ਬੰਗੜ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ। ਇਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ (ਆਪ) ਵੱਲੋਂ ਜਗਪਾਲ ਸਿੰਘ ਜੌਲੀ ਨੂੰ ਨਗਰ ਕੌਂਸਲ ਮੋਰਿੰਡਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜਗਪਾਲ ਸਿੰਘ ਜੌਲੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ‘ਤੇ ਜਿੱਤ ਹਾਸਲ ਕਰਕੇ ਕੌਂਸਲਰ ਬਣੇ ਸਨ ਅਤੇ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਇਸ ਤੋਂ ਇਲਾਵਾ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਈ ਦਲਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਹਰਜਿੰਦਰ ਸਿੰਘ ਛਿੱਬਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀ ਕਰ ਸਕਿਆ ਸੀ ,ਜਦਕਿ ਕਾਂਗਰਸ ਕੋਲ 12 ,ਅਕਾਲੀ ਦਲ ਦਾ 1 ਅਤੇ 2 ਅਜਾਦ ਕੌਂਸਲਰ ਜਿੱਤੇ ਸਨ। ਜਿਨਾਂ ਵਿੱਚੋ ਕਾਂਗਰਸ ਦੇ 3 , ਅਕਾਲੀ ਦਲ ਦਾ 1 ਅਤੇ 2 ਅਜਾਦ ਕੌਂਸਲਰਾਂ ਨੇ ਚੋਣ ਤੋ ਪਹਿਲਾਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ, ਅਤੇ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਸਮੇਤ ਆਪ ਕੋਲ 7 ਕੌਂਸਲਰ ਅਤੇ ਕਾਂਗਰਸ ਕੋਲ 9 ਕੌਂਸਲਰ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਨਿਰਧਾਰਤ ਸਮੇ ਤੇ ਕੌਂਸਲ ਦੇ ਦਫਤਰ ਪਹੁੰਚੇ। ਇਸ ਮੌਕੇ ਤੇ ਕਾਂਗਰਸ ਦੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਨੇ ਧੱਕੇਸ਼ਾਹੀ ਕਰਕੇ ਉਨਾਂ ਵੱਲੋ ਪ੍ਰਧਾਨਗੀ ਲਈ ਨਾਮਜ਼ਦ ਕੌਂਸਲਰ ਮਨਦੀਪ ਸਿੰਘ ਬਾਜਵਾ ਨੂੰ ਵੱਖਰੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਬਾਕੀ ਮੈਂਬਰਾਂ ਨੂੰ ਚੋਣ ਸਥਾਨ ਤੇ ਦਾਖਲ ਨਹੀ ਹੋਣ ਦਿੱਤਾ। ਜਿਸ ਨੂੰ ਲੈਕੇ ਇਨਾ ਕੌਂਸਲਰਾਂ ਵੱਲੋ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਖਿਲਾਫ ਨਾਅਰੇਬਾਜੀ ਕੀਤੀ ਗਈ।
ਦੂਜੇ ਪਾਸੇ, ਇਸ ਚੋਣ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪ੍ਰਸ਼ਾਸਨ ‘ਤੇ ਪੱਖਪਾਤ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਾਂਗਰਸ ਪਾਰਟੀ ਨਾਲ ਸੰਬੰਧਤ ਕਿਸੇ ਵੀ ਕੌਂਸਲਰ ਨੂੰ ਚੋਣ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਕਾਂਗਰਸੀ ਖੇਮੇ ਵੱਲੋ ਕੌਸਲ ਦਫਤਰ ਅੱਗੇ ਭਾਰੀ ਰੋਸ ਪ੍ਰਗਟਾਇਆ ਗਿਆ।
ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਸ ਚੋਣ ਪ੍ਰਕਿਰਿਆ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਸਰਾਸਰ ਧੱਕੇਸ਼ਾਹੀ ਅਤੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਖਿਲਾਫ਼ ਚੁੱਪ ਨਹੀਂ ਬੈਠਣਗੇ ਅਤੇ ਸੜਕਾਂ ਤੋਂ ਲੈ ਕੇ ਅਦਾਲਤ ਤੱਕ ਲੜਾਈ ਲੜਨਗੇ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਆਰੋਪਾਂ ਨੂੰ ਨਕਾਰਿਆ: ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਉਪਰੰਤ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਕਾਂਗਰਸੀ ਕੌਂਸਲਰਾਂ ਵੱਲੋਂ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਜਾਂ ਕੌਂਸਲਰ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਨੇਪਰੇ ਚੜ੍ਹਾਈ ਗਈ ਹੈ ਅਤੇ ਬਹੁਸੰਮਤੀ ਨਾਲ ਉਪਰੋਕਤ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ।
ਇਸ ਚੋਣ ਉਪਰੰਤ ਜਿੱਥੇ ਕਾਂਗਰਸੀ ਖੇਮੇ ਵਿੱਚ ਨਿਰਾਸ਼ਾ ਤੇ ਗੁੱਸਾ ਪਾਇਆ ਗਿਆ, ਉੱਥੇ ਹੀ ਨਵੇਂ ਚੁਣੇ ਗਏ ਪ੍ਰਧਾਨ ਜਗਪਾਲ ਸਿੰਘ ਜੋਲੀ ਤੇ ਹੋਰ ਅਹੁਦੇਦਾਰਾਂ ਵੱਲੋਂ ਢੋਲ ਵਜਾ ਕੇ ਜਲੂਸ ਕੱਢਿਆ ਗਿਆ ਅਤੇ ਹਲਕਾ ਵਿਧਾਇਕ ਸਮੇਤ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਗੱਲ ਕਰਦੇ ਆਂ ਨਵੇਂ ਚੁਣੇ ਪ੍ਰਧਾਨ ਜਗਪਾਲ ਸਿੰਘ ਜੀ ਨੇ ਕਿਹਾ ਕਿ ਸਮੂਕ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਪੱਖੀ ਵਿਕਾਸ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸ਼ਹਿਰ ਦੀ ਸਫਾਈ ਅਤੇ ਸੀਵਰੇਜ ਸਿਸਟਮ ਦੀਆਂ ਖਾਮੀਆਂ ਨੂੰ ਦੂਰ ਕਰਨਾ ਉਹਨਾਂ ਦੀ ਪ੍ਰਮੁੱਖਤਾ ਹੋਵੇਗੀ।



