ਜ਼ਮੀਨੀ ਵਿਵਾਦ ਦਾ ਖ਼ੂਨੀ ਅੰਜਾਮ: ਸਾਂਢੂ ਨੇ ਘਰ ਵੜ ਕੇ ਕੀਤਾ ਸਾਂਢੂ ਦਾ ਬੇਰਹਿਮੀ ਨਾਲ ਕਤਲ; ਬਚਾਅ ਕਰਨ ਆਈ ਮਾਂ-ਧੀ ‘ਤੇ ਵੀ ਚਲਾਏ ਦਾਤਰ
ਗੁਰਦਾਸਪੁਰ/ਬਟਾਲਾ, 14 ਜੁਲਾਈ 2026:
ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਥਾਣਾ ਰੰਗੜ ਨੰਗਲ ਦੇ ਪਿੰਡ ਮੰਨਣ ਵਿੱਚ ਜ਼ਮੀਨੀ ਵਿਵਾਦ ਅਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਬੇਹੱਦ ਦਰਦਨਾਕ ਅਤੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਸਾਂਢੂ ਵੱਲੋਂ ਆਪਣੇ ਹੀ ਸਾਂਢੂ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ. ਇਸ ਖ਼ੂਨੀ ਹਮਲੇ ਦੌਰਾਨ ਵਿੱਚ-ਬਚਾਅ ਕਰਨ ਆਈਆਂ ਮ੍ਰਿਤਕ ਦੀ ਬਜ਼ੁਰਗ ਮਾਂ ਅਤੇ ਬੇਟੀ ਨੂੰ ਵੀ ਬੁਰੀ ਤਰ੍ਹਾਂ ਵੱਢ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (ਪੁੱਤਰ ਮਹਿੰਦਰ ਸਿੰਘ) ਵਜੋਂ ਹੋਈ ਹੈ। ਕਤਲ ਦਾ ਮੁੱਖ ਦੋਸ਼ ਉਸ ਦੇ ਸਾਂਢੂ ਰਾਜ ਸਿੰਘ (ਪੁੱਤਰ ਆਤਮਾ ਸਿੰਘ) ‘ਤੇ ਲੱਗਿਆ ਹੈ, ਜੋ ਸ਼ਰੀਕੇ ਵਿੱਚੋਂ ਚਾਚੇ ਦਾ ਪੁੱਤ ਭਰਾ ਵੀ ਲੱਗਦਾ ਹੈ।
ਦੋਵਾਂ ਧਿਰਾਂ ਵਿਚਕਾਰ ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਰੌਲਾ ਚੱਲ ਰਿਹਾ ਸੀ. ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਨੂੰ ਪਿੰਡ ਦੇ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਕੇ ਸ਼ਾਂਤ ਕਰ ਦਿੱਤਾ ਸੀ, ਪਰ ਮੁਲਜ਼ਮ ਦੇ ਮਨ ਵਿੱਚ ਰੰਜਿਸ਼ ਬਰਕਰਾਰ ਰਹੀ। ਬੀਤੇ ਦਿਨ ਮੁਲਜ਼ਮ ਰਾਜ ਸਿੰਘ ਨੇ ਆਪਣੇ ਕੁਝ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਦਵਿੰਦਰ ਸਿੰਘ ਦੇ ਘਰ ‘ਤੇ ਹਮਲਾ ਬੋਲ ਦਿੱਤਾ। ਹਮਲਾਵਰਾਂ ਨੇ ਦਾਤਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕੀਤੇ, ਜਿਸ ਕਾਰਨ ਦਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਗੁਰਜੀਤ ਕੌਰ ਨੇ ਘਟਨਾ ਦੇ ਸਮੇਂ ਦੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ, “ਮੈਂ ਗੁਰੂ ਘਰ ਮੱਥਾ ਟੇਕਣ ਗਈ ਹੋਈ ਸੀ ਜਦੋਂ ਇਹ ਕਹਿਰ ਵਾਪਰਿਆ. ਮੇਰੀ ਧੀ ਭੱਜੀ-ਭੱਜੀ ਮੇਰੇ ਕੋਲ ਆਈ ਅਤੇ ਰੋਂਦਿਆਂ ਦੱਸਿਆ ਕਿ ਪਾਪਾ ‘ਤੇ ਹਮਲਾ ਹੋ ਗਿਆ ਹੈ। ਜਦੋਂ ਤੱਕ ਮੈਂ ਭੱਜ ਕੇ ਘਰ ਪਹੁੰਚੀ, ਉਦੋਂ ਤੱਕ ਰਾਜ ਸਿੰਘ, ਉਸਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨੇ ਮੇਰੇ ਪਤੀ ਨੂੰ ਦਾਤਰਾਂ ਨਾਲ ਵੱਢ ਕੇ ਜਾਨੋਂ ਮਾਰ ਦਿੱਤਾ ਸੀ। ਜਦੋਂ ਮੇਰੀ ਬਜ਼ੁਰਗ ਸੱਸ ਕੁਲਵੰਤ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਬਚਾਉਣ ਆਈਆਂ, ਤਾਂ ਹਮਲਾਵਰਾਂ ਨੇ ਇੰਨੀ ਬੇਰਹਿਮੀ ਦਿਖਾਈ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ।”
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ. ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮੁੱਖ ਮੁਲਜ਼ਮ ਰਾਜੂ (ਰਾਜ) ਸਿੰਘ ਸਮੇਤ 7 ਲੋਕਾਂ ਖ਼ਿਲਾਫ਼ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ।



