BREAKING- ਫੀਸ ਵੇਰਵਾ ਨਾ ਦੇਣ ਵਾਲੇ ਨਿੱਜੀ ਸਕੂਲਾਂ ‘ਤੇ ਪੰਜਾਬ ਸਰਕਾਰ ਸਖ਼ਤ, 25 ਜੁਲਾਈ ਤੱਕ ਜਾਣਕਾਰੀ ਦੇਣ ਦੇ ਹੁਕਮ
ਚੰਡੀਗੜ੍ਹ, 19 ਜੁਲਾਈ 2026: ਪੰਜਾਬ ਸਰਕਾਰ ਨੇ ਨਿੱਜੀ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਦੀ ਫੀਸ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇੱਕ ਵਾਰ ਫਿਰ ਸਖ਼ਤ ਰੁਖ ਅਪਣਾਇਆ ਹੈ। ਸਕੂਲ ਸਿੱਖਿਆ ਵਿਭਾਗ ਨੇ ਉਹਨਾਂ ਸਾਰੇ ਨਿੱਜੀ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੇ ਅਕਾਦਮਿਕ ਸੈਸ਼ਨ 2023-24, 2024-25, 2025-26 ਅਤੇ 2026-27 ਲਈ ਹੁਣ ਤੱਕ ਆਪਣਾ ਫੀਸ ਵੇਰਵਾ ਵਿਭਾਗ ਕੋਲ ਜਮ੍ਹਾਂ ਨਹੀਂ ਕਰਵਾਇਆ।
ਵਿਭਾਗ ਵੱਲੋਂ 13 ਜੁਲਾਈ 2026 ਨੂੰ ਜਾਰੀ ਹਦਾਇਤਾਂ ਅਨੁਸਾਰ ਅਜਿਹੇ ਸਾਰੇ ਸਕੂਲਾਂ ਨੂੰ 25 ਜੁਲਾਈ 2026 ਤੱਕ ਨਿਰਧਾਰਤ ਪ੍ਰੋਫਾਰਮਾ ਵਿੱਚ ਫੀਸ ਸਬੰਧੀ ਪੂਰੀ ਜਾਣਕਾਰੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਜਾਣਕਾਰੀ ਕੇਵਲ ਨਿਰਧਾਰਤ ਫਾਰਮੈਟ ਵਿੱਚ ਹੀ ਸਵੀਕਾਰ ਕੀਤੀ ਜਾਵੇਗੀ ਅਤੇ ਇਸ ਸਬੰਧੀ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਸਿੱਖਿਆ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਸਕੂਲਾਂ ਦਾ ਫੀਸ ਵੇਰਵਾ ਅਜੇ ਵੀ ਬਕਾਇਆ ਹੈ, ਉਹ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਹਰ ਹਾਲਤ ਵਿੱਚ ਇਹ ਵੇਰਵਾ ਜਮ੍ਹਾਂ ਕਰਵਾਉਣ। ਪ੍ਰੋਫਾਰਮੇ ਵਿੱਚ ਮੰਗੀ ਗਈ ਹਰ ਜਾਣਕਾਰੀ ਸਹੀ, ਸਪੱਸ਼ਟ ਅਤੇ ਸੰਪੂਰਨ ਹੋਣੀ ਚਾਹੀਦੀ ਹੈ ਤਾਂ ਜੋ ਫੀਸ ਸਬੰਧੀ ਸਰਕਾਰੀ ਰਿਕਾਰਡ ਵਿੱਚ ਕਿਸੇ ਕਿਸਮ ਦੀ ਕਮੀ ਜਾਂ ਗਲਤੀ ਨਾ ਰਹੇ।
ਸਰਕਾਰ ਦਾ ਮੰਨਣਾ ਹੈ ਕਿ ਫੀਸ ਸਬੰਧੀ ਪੂਰਾ ਡਾਟਾ ਉਪਲਬਧ ਹੋਣ ਨਾਲ ਨਿੱਜੀ ਸਕੂਲਾਂ ਦੀ ਫੀਸ ਨੀਤੀ ਦੀ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾ ਸਕੇਗੀ ਅਤੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਵੀ ਯਕੀਨੀ ਬਣੇਗੀ। ਇਸ ਕਦਮ ਨਾਲ ਸਕੂਲਾਂ ਵਿੱਚ ਫੀਸਾਂ ਨੂੰ ਲੈ ਕੇ ਪਾਰਦਰਸ਼ਤਾ ਵਧੇਗੀ ਅਤੇ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਜਵਾਬਦੇਹ ਬਣਾਉਣ ਵਿੱਚ ਮਦਦ ਮਿਲੇਗੀ।
ਵਿਭਾਗ ਨੇ ਸਾਰੇ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਅੰਦਰ ਲੋੜੀਂਦੀ ਜਾਣਕਾਰੀ ਜਮ੍ਹਾਂ ਕਰਵਾ ਕੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਸਮਾਂ-ਸੀਮਾ ਦੀ ਅਣਦੇਖੀ ਕਰਨ ਵਾਲੇ ਸਕੂਲਾਂ ਖ਼ਿਲਾਫ਼ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।



