ਪੰਜਾਬ ‘ਚ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਕਾਰਨ ਕੰਮਕਾਜ ਠੱਪ, ਅੱਜ ਵੀ ਜਾਰੀ ਰਹੇਗੀ ਹੜਤਾਲ

Top Trending News ਪੰਜਾਬ

 

ਪੰਜਾਬ ‘ਚ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਕਾਰਨ ਕੰਮਕਾਜ ਠੱਪ, ਅੱਜ ਵੀ ਜਾਰੀ ਰਹੇਗੀ ਹੜਤਾਲ

ਚੰਡੀਗੜ੍ਹ 22 ਜੁਲਾਈ

ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਲਈ ਸੂਬੇ ਭਰ ਦੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ‘ਤੇ ਰਹਿ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਹੜਤਾਲ ਕਾਰਨ ਸਮੁੱਚੇ ਪੰਜਾਬ ਵਿੱਚ ਬਿਜਲੀ ਦਫਤਰਾਂ ਅਤੇ ਫੀਲਡ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਨਾਲ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸੂਬੇ ਭਰ ਵਿੱਚ ਮੰਡਲ ਅਤੇ ਉਪ ਮੰਡਲ ਦਫਤਰਾਂ ਅੱਗੇ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ, ਜਿੱਥੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਿੱਟ ਸਿਆਪਾ ਕੀਤਾ।

ਬਿਜਲੀ ਮੁਲਾਜ਼ਮਾਂ ਦੀਆਂ ਡੇਢ ਦਰਜਨ ਤੋਂ ਵੱਧ ਜਥੇਬੰਦੀਆਂ ਦੇ ਸਾਂਝੇ ਮੰਚ ‘ਸਾਂਝੇ ਥੜ੍ਹੇ ਦੀ ਲੀਡਰਸ਼ਿਪ’ ਨੇ ਦਾਅਵਾ ਕੀਤਾ ਕਿ ਸੂਬੇ ਦੇ 80 ਫੀਸਦੀ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਰਹੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਅਪਣਾਇਆ ਅੜੀਅਲ ਰਵੱਈਆ ਨਾ ਛੱਡਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਸਾਂਝੇ ਥੜ੍ਹੇ ਦੇ ਆਗੂਆਂ ਹਰਪਾਲ ਧਾਲੀਵਾਲ ਅਤੇ ਕੁਲਵਿੰਦਰ ਢਿੱਲੋਂ ਵੱਲੋਂ ਜਾਰੀ ਸੂਬਾਈ ਰਿਪੋਰਟ ਮੁਤਾਬਕ ਇਹ ਹੜਤਾਲ ਅੱਜ 22 ਜੁਲਾਈ ਨੂੰ ਵੀ ਨਿਰੰਤਰ ਜਾਰੀ ਰਹੇਗੀ। ਇਸ ਦੌਰਾਨ ਪੈਨਸ਼ਨਰਜ਼ ਕਾਲੇ ਝੰਡਿਆਂ ਨਾਲ ਲੈਸ ਹੋ ਕੇ ਜ਼ਿਲ੍ਹਾ ਕੁਲੈਕਟਰ (ਡੀ.ਸੀ.) ਦਫਤਰਾਂ ਅੱਗੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕਰਨਗੇ।

ਅੱਜ ਦੇ ਪ੍ਰਦਰਸ਼ਨਾਂ ਦੀ ਅਗਵਾਈ ਪ੍ਰਮੁੱਖ ਆਗੂਆਂ ਕੁਲਵਿੰਦਰ ਢਿੱਲੋਂ, ਮਨਜੀਤ ਬਾਸਰਕੇ ਅਤੇ ਹਰਪਾਲ ਧਾਲੀਵਾਲ ਆਦਿ ਨੇ ਕੀਤੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮ ਵਰਗ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਲਾਮਬੰਦ ਹੈ ਅਤੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ ਜਾਵੇਗਾ।