- ਕੈਨੇਡਾ ‘ਚ 23 ਸਾਲਾ ਪੰਜਾਬਣ ਮੁਟਿਆਰ ਦਾ ਕਤਲ
ਐਡਮਿੰਟਨ/ਲੁਧਿਆਣਾ, 24 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਕੈਨੇਡਾ ਦੇ ਐਡਮਿੰਟਨ ਵਿੱਚ ਇੱਕ 23 ਸਾਲਾ ਪੰਜਾਬੀ ਮੁਟਿਆਰ ਦਾ ਉਸ ਦੇ ਹੀ ਲਿਵ-ਇਨ ਸਾਥੀ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਦਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਮਰਾਲਾ ਦੀ ਰਹਿਣ ਵਾਲੀ ਸੀ। ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਵਾਰਦਾਤ ਐਡਮਿੰਟਨ ਸਥਿਤ ਉਸੇ ਰਿਹਾਇਸ਼ ‘ਚ ਵਾਪਰੀ, ਜਿੱਥੇ ਦਮਨਪ੍ਰੀਤ ਆਪਣੇ ਸਾਥੀ ਨਾਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ ਸੀ। ਇਹ ਬਹਿਸ ਇੰਨੀ ਵਧ ਗਈ ਕਿ ਦੋਸ਼ੀ ਨੇ ਗੁੱਸੇ ‘ਚ ਆ ਕੇ ਦਮਨਪ੍ਰੀਤ ਦਾ ਗਲਾ ਘੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਗੰਭੀਰ ਹਾਲਤ ‘ਚ ਦਮਨਪ੍ਰੀਤ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹਾਲਾਂਕਿ, ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਐਡਮਿੰਟਨ ਪੁਲਿਸ ਨੇ ਮੌਕੇ ‘ਤੇ ਹੀ ਕਾਰਵਾਈ ਕਰਦੇ ਹੋਏ ਦੋਸ਼ੀ ਲਿਵ-ਇਨ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਦੋਸ਼ੀ ਦੀ ਪਛਾਣ 22 ਸਾਲਾ ਰਿਤੇਸ਼ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ‘ਚ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਰਿਤੇਸ਼ ਖ਼ਿਲਾਫ਼ ‘ਸੈਕਿੰਡ ਡਿਗਰੀ ਮਰਡਰ’ ਦੇ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 5 ਸਾਲ ਪਹਿਲਾਂ ਬਹੁਤ ਮੁਸ਼ਕਿਲਾਂ ਨਾਲ ਬੈਂਕਾਂ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਆਪਣੀ ਧੀ ਦੇ ਸੁਨਹਿਰੀ ਭਵਿੱਖ ਲਈ ਉਸ ਨੂੰ ਕੈਨੇਡਾ ਭੇਜਿਆ ਸੀ। ਪੀੜਤ ਪਰਿਵਾਰ ਨੇ ਕੈਨੇਡਾ ਸਰਕਾਰ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਗੁਹਾਰ ਲਗਾਈ ਹੈ ਕਿ ਦੋਸ਼ੀ ਰਿਤੇਸ਼ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਇਸ ਦੇ ਨਾਲ ਹੀ ਗ਼ਰੀਬ ਪਰਿਵਾਰ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ, ਤਾਂ ਜੋ ਪਰਿਵਾਰ ਵਾਲੇ ਆਪਣੀ ਧੀ ਦਾ ਅੰਤਿਮ ਸੰਸਕਾਰ ਆਪਣੇ ਪਿਛੋਕੜੀ ਪਿੰਡ ‘ਚ ਰੀਤੀ-ਰਿਵਾਜਾਂ ਨਾਲ ਕਰ ਸਕਣ।



