ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ; ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Top Trending News ਪੰਜਾਬ

 

ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ; ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਮੁੱਲਾਂਪੁਰ ਦਾਖਾ, 25 ਜੁਲਾਈ 2026

ਬੀਤੇ ਦਿਨ ਤਹਿਸ਼ ਵਿੱਚ ਆ ਕੇ ਚਲਦੀ ਸਕਾਰਪੀਓ ਗੱਡੀ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਜਾਨ ਦੇਣ ਵਾਲੇ ਜਸਪ੍ਰੀਤ ਸਿੰਘ ਉਰਫ਼ ਜੱਸਾ ਬਾਰੇ ਅਹਿਮ ਖ਼ੁਲਾਸੇ ਸਾਹਮਣੇ ਆਏ ਹਨ। ਮ੍ਰਿਤਕ ਜਸਪ੍ਰੀਤ ਸਿੰਘ ਚਰਚਿਤ ਈਸੇਵਾਲ ਗੈਂਗ ਰੇਪ ਕਾਂਡ ਦਾ ਮੁੱਖ ਗਵਾਹ ਸੀ ਅਤੇ ਉਹ ਇੱਕ ਬਹੁਤ ਹੀ ਦਲੇਰ ਨੌਜਵਾਨ ਸੀ।

ਸਾਬਕਾ ਸਰਪੰਚ ਵਰਿੰਦਰ ਸਿੰਘ ਸੇਖੋਂ ਅਤੇ ਗੁਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ, ਵਾਸੀ ਪਿੰਡ ਦਾਖਾ ਨੇ ਈਸੇਵਾਲ ਗੈਂਗਰੇਪ ਮਾਮਲੇ ਵਿੱਚ ਪੂਰੀ ਕਾਨੂੰਨੀ ਲੜਾਈ ਲੜ ਕੇ ਪੀੜਤਾ ਨੂੰ ਇਨਸਾਫ਼ ਦਿਵਾਇਆ ਸੀ। ਉਸ ਦੀ ਇਸ ਬਹਾਦਰੀ ਦਾ ਪੂਰਾ ਪਿੰਡ ਲੋਹਾ ਮੰਨਦਾ ਸੀ। ਜਾਣਕਾਰੀ ਅਨੁਸਾਰ ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹ ਲੁਧਿਆਣਾ ਸ਼ਹਿਰ ਵਿੱਚ ਰਹਿ ਰਿਹਾ ਸੀ। ਪਤਨੀ ਨਾਲ ਘਰੇਲੂ ਵਿਵਾਦ ਚੱਲਣ ਕਾਰਨ ਉਹ ਪ੍ਰੇਸ਼ਾਨ ਸੀ ਅਤੇ ਉਸ ਦੀ ਇੱਕ ਚਾਰ ਸਾਲਾ ਧੀ ਵੀ ਹੈ।

ਕਾਬਿਲੇਗੌਰ ਹੈ ਕਿ 10 ਫ਼ਰਵਰੀ 2019 ਦੀ ਰਾਤ ਨੂੰ ਇੱਕ ਲੜਕੀ ਨਾਲ ਛੇ ਦੋਸ਼ੀਆਂ (ਸਾਦਿਕ ਅਲੀ, ਜਗਰੂਪ ਸਿੰਘ, ਅਜੇ, ਸੈਫ ਅਲੀ, ਸੁਰਮੂ ਅਤੇ ਲਿਆਕਤ ਅਲੀ) ਨੇ ਮਿਲ ਕੇ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜਸਪ੍ਰੀਤ ਨੇ ਤੁਰੰਤ ਥਾਣਾ ਦਾਖਾ ਨੂੰ ਸੂਚਿਤ ਕੀਤਾ ਸੀ। ਹਾਲਾਂਕਿ, ਉਸ ਸਮੇਂ ਧੁੰਦ ਅਤੇ ਸਹੀ ਲੋਕੇਸ਼ਨ ਨਾ ਮਿਲਣ ਕਾਰਨ ਪੁਲਿਸ ਮੌਕੇ ‘ਤੇ ਨਹੀਂ ਪਹੁੰਚ ਸਕੀ ਸੀ, ਜਿਸ ਤੋਂ ਬਾਅਦ ਸੰਬੰਧਿਤ ਏ.ਐੱਸ.ਆਈ. ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਜਸਪ੍ਰੀਤ ਸਿੰਘ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਮਜ਼ਬੂਤੀ ਨਾਲ ਡਟਿਆ ਰਿਹਾ ਅਤੇ ਇਸ ਕੇਸ ਦਾ ਮੁੱਖ ਗਵਾਹ ਬਣਿਆ। ਆਖ਼ਿਰਕਾਰ, 4 ਮਾਰਚ 2022 ਨੂੰ ਮਾਣਯੋਗ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਮ੍ਰਿਤਕ ਜਸਪ੍ਰੀਤ ਸਿੰਘ ਨੇ ਇਹ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ, ਇਹ ਅਜੇ ਵੀ ਇੱਕ ਬੁਝਾਰਤ ਬਣਿਆ ਹੋਇਆ ਹੈ। ਫ਼ਿਲਹਾਲ ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਤਾ ਰਜਿੰਦਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਹੈ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।