ਮੋਹਾਲੀ ਗੰਦਗੀ ਦੇ ਢੇਰਾਂ ਹੇਠ ਦੱਬਿਆ, ਗਮਾਡਾ ਤੇ ਨਗਰ ਨਿਗਮ ਇੱਕ-ਦੂਜੇ ’ਤੇ ਪਾ ਰਹੇ ਨੇ ਜ਼ਿੰਮੇਵਾਰੀ
ਸੈਕਟਰ 70 ਦੇ ਸੁਪਰ ਮਕਾਨਾਂ ਕੋਲ ਲੱਗੇ ਗੰਦਗੀ ਦੇ ਵੱਡੇ ਢੇਰਾਂ ਨੂੰ ਜਲਦੀ ਸਾਫ ਕਰੇਗਾ ਗਮਾਡਾ- ਸੰਦੀਪ ਰਿਸ਼ੀ
ਗਮਾਡਾ ਵੱਲੋਂ ਮੋਹਾਲੀ ਕਾਰਪੋਰੇਸ਼ਨ ਨੂੰ ਡੰਪਿੰਗ ਗਰਾਊਂਡ ਲਈ ਅਲਾਟ ਕੀਤੀ ਦੋ ਏਕੜ ਜਮੀਨ
ਮੋਹਾਲੀ, 28 ਜੁਲਾਈ: ਸੁਖਦੇਵ ਸਿੰਘ ਪਟਵਾਰੀ
ਪੰਜਾਬ ਦੇ ਆਧੁਨਿਕ ਅਤੇ ਯੋਜਨਾਬੱਧ ਸ਼ਹਿਰ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਲੱਗੇ ਗੰਦਗੀ ਦੇ ਢੇਰਾਂ, ਸੜਕਾਂ ਅਤੇ ਪਾਰਕਾਂ ਵਿੱਚ ਘੁੰਮਦੇ ਪਾਲਤੂ ਅਤੇ ਅਵਾਰਾ ਪਸ਼ੂਆਂ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਸਭ ਤੋਂ ਵੱਧ ਮਾੜੀ ਸਥਿਤੀ ਉਨ੍ਹਾਂ ਖੇਤਰਾਂ ਦੀ ਹੈ ਜੋ ਪਿੰਡਾਂ ਨਾਲ ਲੱਗਦੇ ਹਨ। ਪਿੰਡਾਂ ਵਿੱਚ ਚੱਲ ਰਹੀਆਂ ਕਥਿਤ ਗੈਰ-ਕਾਨੂੰਨੀ ਡੇਹਰੀਆਂ ਕਾਰਨ ਗਮਾਡਾ ਦੀਆਂ ਖਾਲੀ ਕਮਰਸ਼ੀਅਲ ਅਤੇ ਰਿਹਾਇਸ਼ੀ ਜ਼ਮੀਨਾਂ ’ਤੇ ਪਸ਼ੂਆਂ ਦਾ ਗੋਹਾ, ਮਲ-ਮੂਤਰ, ਘਰੇਲੂ ਕੂੜਾ, ਮਲਬਾ ਅਤੇ ਹੋਰ ਕਚਰਾ ਲਗਾਤਾਰ ਸੁੱਟਿਆ ਜਾਣ ਕਾਰਨ ਇਹ ਥਾਵਾਂ ਵੱਡੇ ਕੂੜਾ-ਢੇਰਾਂ ਵਿੱਚ ਤਬਦੀਲ ਹੋ ਚੁੱਕੀਆਂ ਹਨ।
ਸੈਕਟਰ-70 ਦੇ ਐੱਮ.ਆਈ.ਜੀ. ਸੁਪਰ ਨੇੜੇ ਮਟੌਰ ਪਿੰਡ ਵਾਲਾ ਗੰਦਗੀ ਦਾ ਢੇਰ, ਸੈਕਟਰ-80 ਨੇੜੇ ਮਨੌਲੀ ਪਿੰਡ, ਸ਼ਾਹੀ ਮਾਜਰਾ, ਕੁੰਬੜਾ, ਸੋਹਾਣਾ ਸਮੇਤ ਕਈ ਥਾਵਾਂ ਅਤੇ ਸ਼ਹਿਰ ਦੇ ਸੱਤ ਤੋਂ ਅੱਠ ਰਿਸੋਰਸ ਮੈਨੇਜਮੈਂਟ ਸੈਂਟਰ (ਆਰ.ਐੱਮ.ਸੀ.) ਪੁਆਇੰਟਾਂ ਦੇ ਆਲੇ-ਦੁਆਲੇ ਕੂੜੇ ਦੇ ਵੱਡੇ ਢੇਰ ਆਮ ਦ੍ਰਿਸ਼ ਬਣ ਚੁੱਕੇ ਹਨ। ਆਰ.ਐੱਮ.ਸੀ. ਪੁਆਇੰਟਾਂ ਦੇ ਆਲੇ-ਦੁਆਲੇ ਖਿੱਲਰਿਆ ਕੂੜਾ ਵੀ ਸ਼ਹਿਰ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਮੁੱਲ ਵਾਲੀਆਂ ਇਨ੍ਹਾਂ ਸਰਕਾਰੀ ਜ਼ਮੀਨਾਂ ਦੀ ਨਿਯਮਤ ਸਫ਼ਾਈ ਨਾ ਤਾਂ ਗਮਾਡਾ ਕਰਵਾ ਰਿਹਾ ਹੈ ਅਤੇ ਨਾ ਹੀ ਨਗਰ ਨਿਗਮ ਇਸ ਵੱਲ ਯੋਗ ਧਿਆਨ ਦੇ ਰਿਹਾ ਹੈ। ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਥਾਵਾਂ ’ਤੇ ਪੈਦਾ ਹੋ ਰਹੇ ਮੱਛਰ, ਮੱਖੀਆਂ ਅਤੇ ਹੋਰ ਕੀੜੇ-ਮਕੌੜੇ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਰਹੇ ਹਨ, ਜਦਕਿ ਬਦਬੂ ਕਾਰਨ ਆਲੇ-ਦੁਆਲੇ ਦੇ ਵਸਨੀਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ। ਸ਼ਹਿਰ ਵਾਸੀਆਂ ਵੱਲੋਂ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ।
ਅੱਜ ਇਸ ਪੱਤਰਕਾਰ ਵੱਲੋਂ ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਸੰਦੀਪ ਰਿਸ਼ੀ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ “ਸੰਬੰਧਿਤ ਜ਼ਮੀਨਾਂ ਗਮਾਡਾ ਦੀ ਮਲਕੀਅਤ ਹਨ, ਪਰ ਉਨ੍ਹਾਂ ਦੀ ਰੋਜ਼ਾਨਾ ਸਫ਼ਾਈ ਅਤੇ ਰੱਖ-ਰਖਾਅ ਨਗਰ ਨਿਗਮ ਦੇ ਕਾਰਜ-ਖੇਤਰ ਵਿੱਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਇੱਕ ਵਾਰ ਸਫ਼ਾਈ ਕਰਵਾ ਵੀ ਦੇਵੇ ਤਾਂ ਲੋਕ ਦੁਬਾਰਾ ਉੱਥੇ ਮਲਬਾ ਅਤੇ ਕੂੜਾ ਸੁੱਟ ਦਿੰਦੇ ਹਨ, ਇਸ ਲਈ ਨਿਯਮਤ ਸਫ਼ਾਈ ਨਗਰ ਨਿਗਮ ਵੱਲੋਂ ਕੀਤੀ ਜਾਣੀ ਚਾਹੀਦੀ ਹੈ”। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਸਬੰਧੀ ਉਹ ਜਲਦੀ ਹੀ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਣਗੇ ਅਤੇ ਸੈਕਟਰ-70 ਦੇ ਮਟੌਰ ਵਾਲੇ ਗੰਦਗੀ ਦੇ ਢੇਰ ਨੂੰ ਪਹਿਲ ਦੇ ਆਧਾਰ ’ਤੇ ਹਟਾਉਣ ਦੀ ਕਾਰਵਾਈ ਕਰਵਾਈ ਜਾਵੇਗੀ।
ਜਦੋਂ ਉਹਨਾਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋ ਮੁੱਖ ਸਕੱਤਰ ਨੂੰ 4 ਜੂਨ 2026 ਨੂੰ ਲਿਖੇ ਪੱਤਰ ਤੋਂ ਬਾਅਦ ਸੀਏ ਗਮਾਡਾ ਨੂੰ ਉਹਨਾਂ ਵੱਲੋਂ ਤੁਰੰਤ ਅਤੇ ਨਿਰੰਤਰ ਸਫ਼ਾਈ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਜਲਦੀ ਹੀ ਮਟੌਰ ਵਾਲਾ ਕੂੜਾ ਢੇਰ ਚੁਕਵਾ ਦੇਣਗੇ।
ਕਾਰਪੋਰੇਸ਼ਨ ਕੋਲ ਡੰਪਿੰਗ ਗਰਾਊਂਡ ਦੀ ਘਾਟ ਬਾਰੇ ਪੁੱਛੇ ਜਾਣ ’ਤੇ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਪਿੰਡ ਕੰਬਾਲਾ ਨੇੜੇ ਐਰੋਟ੍ਰੋਪੋਲਿਸ ਸਿਟੀ ਵਿੱਚ ਨਗਰ ਨਿਗਮ ਨੂੰ ਦੋ ਏਕੜ ਜ਼ਮੀਨ ਡੰਪਿੰਗ ਗਰਾਊਂਡ ਲਈ ਅਲਾਟ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਐਰੋ ਸਿਟੀ ਵਿੱਚ ਵੀ ਨਗਰ ਨਿਗਮ ਨੂੰ ਦੋ ਹੋਰ ਡੰਪਿੰਗ ਗਰਾਊਂਡ ਅਲਾਟ ਕਰਨ ਬਾਰੇ ਲਗਭਗ ਪੰਦਰਾਂ ਦਿਨ ਪਹਿਲਾਂ ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਗੜਾ ਨਾਲ ਹੋਈ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਸੀ, ਜਿੱਥੇ ਸਥਾਨਕ ਕੂੜੇ ਦੇ ਨਿਪਟਾਰੇ ਦੀ ਵਿਵਸਥਾ ਕੀਤੀ ਜਾਵੇਗੀ।
ਗੈਰ-ਕਾਨੂੰਨੀ ਡੇਰੀਆਂ ਅਤੇ ਸ਼ਹਿਰ ਵਿੱਚ ਘੁੰਮਦੇ ਪਾਲਤੂ ਅਤੇ ਅਵਾਰਾ ਪਸ਼ੂਆਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਗਰ ਨਿਗਮ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਡੇਰੀਆਂ ਨੂੰ ਬੰਦ ਕਰਵਾਉਣਾ ਅਤੇ ਸ਼ਹਿਰ ਵਿੱਚੋਂ ਅਵਾਰਾ ਅਤੇ ਪਾਲਤੂ ਪਸ਼ੂਆਂ ਨੂੰ ਹਟਾਉਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ।



