ਪੰਜਾਬ ਯੂਨੀਵਰਸਿਟੀ ਦੇ VC ਬਣੇ ਡਾ: ਮੀਨਾਕਸ਼ੀ ਗੋਇਲ, ਸੰਭਾਲਣਗੇ ਕਾਰਜਭਾਰ!
ਚੰਡੀਗੜ੍ਹ 29 ਜੁਲਾਈ 2026
ਪੰਜਾਬ ਯੂਨੀਵਰਸਿਟੀ (ਪੀ.ਯੂ.) ਦੀ ਵਾਈਸ ਚਾਂਸਲਰ ਪ੍ਰੋਫ਼ੈਸਰ ਰੇਣੂ ਵਿਗ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ, ਹੁਣ ਯੂਨੀਵਰਸਿਟੀ ਦੇ ਵੀ.ਸੀ. ਦੀ ਅਹਿਮ ਜ਼ਿੰਮੇਵਾਰੀ ਡਾ: ਮੀਨਾਕਸ਼ੀ ਗੋਇਲ ਵੱਲੋਂ ਨਿਭਾਈ ਜਾਵੇਗੀ। ਇਸ ਸਬੰਧੀ ਪ੍ਰਸ਼ਾਸਨਿਕ ਪੱਧਰ ‘ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਚਾਂਸਲਰ ਨੇ ਪੀ.ਯੂ. ਦੇ ਡੀਨ ਆਫ਼ ਯੂਨੀਵਰਸਿਟੀ ਇੰਸਟਰਕਸ਼ਨਜ਼ (ਡੀ.ਯੂ.ਆਈ.) ਡਾ: ਮੀਨਾਕਸ਼ੀ ਗੋਇਲ ਨੂੰ ਹੁਕਮ ਜਾਰੀ ਕਰਦਿਆਂ ਉਦੋਂ ਤੱਕ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਲਈ ਕਿਹਾ ਹੈ, ਜਦੋਂ ਤੱਕ ਅਗਲੇ ਨਿਯਮਤ ਵੀ.ਸੀ. ਦੀ ਚੋਣ ਜਾਂ ਇਸ ਬਾਰੇ ਕੋਈ ਅਗਲਾ ਅਧਿਕਾਰਤ ਫ਼ੈਸਲਾ ਨਹੀਂ ਲਿਆ ਜਾਂਦਾ।
ਜ਼ਿਕਰਯੋਗ ਹੈ ਕਿ ਪ੍ਰੋਫੈਸਰ ਰੇਣੂ ਵਿਗ ਦਾ ਵਾਈਸ ਚਾਂਸਲਰ ਵਜੋਂ ਕਾਰਜਕਾਲ ਅੱਜ ਆਖਰੀ ਕੰਮਕਾਜੀ ਦਿਨ ਨਾਲ ਸਮਾਪਤ ਹੋ ਗਿਆ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿੱਚ ਕਈ ਅਕਾਦਮਿਕ ਅਤੇ ਪ੍ਰਸ਼ਾਸਨਿਕ ਕੰਮ ਕੀਤੇ ਗਏ। ਹੁਣ ਉਨ੍ਹਾਂ ਦੇ ਅਹੁਦਾ ਛੱਡਣ ਤੋਂ ਬਾਅਦ ਡਾ: ਮੀਨਾਕਸ਼ੀ ਗੋਇਲ ਯੂਨੀਵਰਸਿਟੀ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਨਜ਼ਰਾਂ ਹੁਣ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਚਾਂਸਲਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸਥਾਈ ਵਾਈਸ ਚਾਂਸਲਰ ਵਜੋਂ ਕਿਸ ਨਵੇਂ ਚਿਹਰੇ ਦੀ ਨਿਯੁਕਤੀ ਕੀਤੀ ਜਾਂਦੀ ਹੈ। ਫਿਲਹਾਲ, ਡਾ: ਮੀਨਾਕਸ਼ੀ ਗੋਇਲ ਦੇ ਵੀ.ਸੀ. ਦਾ ਚਾਰਜ ਸੰਭਾਲਣ ਨਾਲ ਯੂਨੀਵਰਸਿਟੀ ਦਾ ਪ੍ਰਸ਼ਾਸਨਿਕ ਕੰਮਕਾਜ ਬਿਨਾਂ ਕਿਸੇ ਰੁਕਾਵਟ ਦੇ ਨਿਰੰਤਰ ਜਾਰੀ ਰਹੇਗਾ।



