ਪੰਜਾਬ ਕਾਂਗਰਸ ‘ਚ ਖਿੱਚੋਤਾਣ ਜਾਰੀ! ਇੰਚਾਰਜ ਭੁਪੇਸ਼ ਬਘੇਲ 31 ਜੁਲਾਈ ਤੋਂ ਕਰਨਗੇ ਸੂਬੇ ਦਾ ਅਹਿਮ ਦੌਰਾ

Top Trending News ਪੰਜਾਬ

 

ਪੰਜਾਬ ਕਾਂਗਰਸ ‘ਚ ਖਿੱਚੋਤਾਣ ਜਾਰੀ! ਇੰਚਾਰਜ ਭੁਪੇਸ਼ ਬਘੇਲ 31 ਜੁਲਾਈ ਤੋਂ ਕਰਨਗੇ ਸੂਬੇ ਦਾ ਅਹਿਮ ਦੌਰਾ

ਚੰਡੀਗੜ੍ਹ 29 ਜੁਲਾਈ 2026

ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਲੀਡਰਸ਼ਿਪ ਨੂੰ ਲੈ ਕੇ ਬਣੇ ਜਮੂਦ ਦੌਰਾਨ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ 31 ਜੁਲਾਈ ਤੋਂ ਪੰਜਾਬ ਦੇ 9 ਦਿਨਾਂ ਦੌਰੇ ਉੱਤੇ ਆ ਰਹੇ ਹਨ। ਇਸ ਦੌਰਾਨ ਉਹ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਲਗਾਤਾਰ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਪਾਰਟੀ ਹਾਈਕਮਾਂਡ ਨੇ ਇਸ ਮੁੱਦੇ ’ਤੇ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਹੈ, ਪਰ ਇਸੇ ਦੌਰਾਨ ਭੁਪੇਸ਼ ਬਘੇਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਦੌਰੇ ਦਾ ਐਲਾਨ ਕਰ ਦਿੱਤਾ ਹੈ। ਇਸ ਫੇਰੀ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਕੀ ਚੰਨੀ ਧੜਾ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ। ਜ਼ਿਕਰਯੋਗ ਹੈ ਕਿ ਚੰਨੀ ਧੜੇ ਵੱਲੋਂ ਪਹਿਲਾਂ ਹੀ ਵੜਿੰਗ ਦੀ ਸ਼ਮੂਲੀਅਤ ਵਾਲੇ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਉਹ ਅੰਦਰੂਨੀ ਤੌਰ ’ਤੇ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਵਿੱਚ ਜੁਟੇ ਹੋਏ ਹਨ।

ਤੈਅ ਪ੍ਰੋਗਰਾਮ ਮੁਤਾਬਕ ਭੁਪੇਸ਼ ਬਘੇਲ 30 ਜੁਲਾਈ ਨੂੰ ਚੰਡੀਗੜ੍ਹ ਪੁੱਜਣਗੇ ਅਤੇ 31 ਜੁਲਾਈ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ, 1 ਅਗਸਤ ਨੂੰ ਪਟਿਆਲਾ ਅਤੇ ਸੰਗਰੂਰ, 2 ਅਗਸਤ ਨੂੰ ਬਰਨਾਲਾ ਅਤੇ ਮਾਨਸਾ, 3 ਅਗਸਤ ਨੂੰ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ , 4 ਅਗਸਤ ਨੂੰ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ, 5 ਅਗਸਤ ਨੂੰ ਮੋਗਾ ਅਤੇ ਫ਼ਰੀਦਕੋਟ, 6 ਅਗਸਤ ਨੂੰ ਲੁਧਿਆਣਾ, 7 ਅਗਸਤ ਨੂੰ ਮਾਲੇਰਕੋਟਲਾ ਅਤੇ ਖੰਨਾ 8 ਅਗਸਤ ਨੂੰ ਨਵਾਂ ਸ਼ਹਿਰ ਅਤੇ ਰੋਪੜ (ਆਖ਼ਰੀ ਦਿਨ) ਦਾ ਦੌਰਾ ਕਰਨਗੇ।

ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਇੰਚਾਰਜ ਦਾ ਇਹ ਦੌੜਾ ਕਾਂਗਰਸ ਦੀ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਵਿੱਚ ਕਿੰਨਾ ਸਫ਼ਲ ਹੁੰਦਾ ਹੈ ਅਤੇ ਨਾਰਾਜ਼ ਧੜੇ ਦਾ ਕੀ ਰੁਖ਼ ਰਹਿੰਦਾ ਹੈ।