ਅੱਜ ਪੰਜਾਬ ਬੰਦ! ਸਫ਼ਾਈ ਸੇਵਕਾਂ ਵੱਲੋਂ ਸਰਕਾਰ ਦੀ ਭਲਾਈ ਪੇਸ਼ਕਸ਼ ਰੱਦ

Top Trending News ਪੰਜਾਬ

 

ਅੱਜ ਪੰਜਾਬ ਬੰਦ! ਸਫ਼ਾਈ ਸੇਵਕਾਂ ਵੱਲੋਂ ਸਰਕਾਰ ਦੀ ਭਲਾਈ ਪੇਸ਼ਕਸ਼ ਰੱਦ

ਚੰਡੀਗੜ੍ਹ, 30 ਜੁਲਾਈ 2026

ਪੰਜਾਬ ਵਿੱਚ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਸੰਘਰਸ਼ ਹੋਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਹੜਤਾਲੀ ਕਰਮਚਾਰੀਆਂ ਨੇ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਭਲਾਈ ਪੇਸ਼ਕਸ਼ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਇਸਦੇ ਨਾਲ ਹੀ ਅੱਜ ਵੀਰਵਾਰ ਨੂੰ ਸੂਬੇ ਭਰ ਵਿੱਚ ਰਾਜ ਪੱਧਰੀ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲ ਖ਼ਤਮ ਕਰਾਉਣ ਲਈ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਪ੍ਰਤੀ ਮਹੀਨਾ ਤਨਖਾਹ ਵਧਾ ਕੇ 20,500 ਰੁਪਏ ਕਰਨ ਅਤੇ ਪੰਜ ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ (ਰੈਗੂਲਰ) ਕਰਨ ਦੀ ਨੀਤੀ ਦਾ ਐਲਾਨ ਕੀਤਾ ਸੀ। ਪਰ ਸਰਕਾਰ ਦੀਆਂ ਉਮੀਦਾਂ ਦੇ ਉਲਟ, ਯੂਨੀਅਨਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਹੜਤਾਲ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਹਿਲਾਂ ਹੀ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਮੌਜੂਦਾ ਮੌਸਮ ਨੂੰ ਦੇਖਦਿਆਂ ਜੇਕਰ ਮੀਂਹ ਪੈਣੇ ਸ਼ੁਰੂ ਹੋ ਗਏ, ਤਾਂ ਸ਼ਹਿਰਾਂ ਦੀ ਹਾਲਤ ਬਹੁਤ ਜ਼ਿਆਦਾ ਬਦਤਰ ਹੋਣ ਦਾ ਖ਼ਤਰਾ ਹੈ। ਇਸ ਤੋਂ ਇਲਾਵਾ, ਬਰਨਾਲਾ ਪੁਲੀਸ ਵੱਲੋਂ 22 ਜੁਲਾਈ ਨੂੰ ਸਫ਼ਾਈ ਸੇਵਕਾਂ ‘ਤੇ ਕੀਤੇ ਗਏ ਲਾਠੀਚਾਰਜ ਕਾਰਨ ਪਹਿਲਾਂ ਹੀ ਸਿਆਸੀ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ।

ਸਫ਼ਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ 40 ਹਜ਼ਾਰ ਰੁਪਏ ਮਾਸਿਕ ਤਨਖਾਹ ਦੀ ਮੰਗ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਵੱਲੋਂ ਐਲਾਨੀ 20,500 ਰੁਪਏ ਦੀ ਤਨਖਾਹ ਵਿੱਚੋਂ ਕਟੌਤੀਆਂ ਹੋਣ ਬਾਅਦ ਮੁਲਾਜ਼ਮਾਂ ਦੇ ਹੱਥ ਸਿਰਫ਼ 16 ਹਜ਼ਾਰ ਰੁਪਏ ਹੀ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਰੱਖੀ ਗਈ 45 ਸਾਲ ਦੀ ਉਮਰ ਸੀਮਾ ਦੀ ਸ਼ਰਤ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਕੁੱਲ 30 ਹਜ਼ਾਰ ਮੁਲਾਜ਼ਮਾਂ ਵਿੱਚੋਂ ਕਰੀਬ 15 ਫ਼ੀਸਦੀ ਕਰਮਚਾਰੀ 45 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦੇਵੇ।

ਦੂਜੇ ਪਾਸੇ, ਸਰਕਾਰ ਨੇ ਤਿੰਨ ਸਾਲ ਤੋਂ ਆਊਟਸੋਰਸ ਉੱਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਹੇਠ ਲਿਆਉਣ ਅਤੇ 1 ਅਗਸਤ ਤੋਂ ਠੇਕਾ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦਾ ਫ਼ੈਸਲਾ ਕੀਤਾ ਸੀ। ਮੰਤਰੀ ਹਰਜੋਤ ਬੈਂਸ ਨੇ ਇਸ ਨੂੰ ਇਤਿਹਾਸਕ ਕਦਮ ਦੱਸਦਿਆਂ ਨਗਰ ਨਿਗਮਾਂ ਅਤੇ ਕੌਂਸਲਾਂ ਨੂੰ ਮਤੇ ਪਾਸ ਕਰਕੇ ਭੇਜਣ ਦੀ ਹਦਾਇਤ ਕੀਤੀ ਸੀ, ਪਰ ਯੂਨੀਅਨ ਦੇ ਸਖ਼ਤ ਰੁਖ਼ ਕਾਰਨ ਸਰਕਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।