- ਜੱਦੀ ਪਿੰਡ ਭੰਮੇ ਕਲਾਂ ਵਿਖੇ ਹੋਵੇਗਾ ਦਲਜੀਤ ਸਿੰਘ ਦਾ ਅੰਤਿਮ ਸਸਕਾਰ: ਹਾਈਕੋਰਟ ਨੇ ਮੰਨੀ ਪਰਿਵਾਰ ਦੀ ਮੰਗ
ਮਾਨਸਾ, 4 ਨਵੰਬਰ (ਦੇਸ਼ ਕਲਿੱਕ ਬਿਊਰੋ): ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਰਿਵਾਰ ਦੀ ਮੰਗ ਮੰਨਦਿਆਂ ਅੰਤਿਮ ਸਸਕਾਰ ਚੰਡੀਗੜ੍ਹ ਦੀ ਬਜਾਏ ਉਨ੍ਹਾਂ ਦੇ ਜੱਦੀ ਪਿੰਡ ਭੰਮੇ ਕਲਾਂ ਵਿਖੇ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅੰਤਿਮ ਸਸਕਾਰ 5 ਨਵੰਬਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਪਰਿਵਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅੰਤਿਮ ਸਸਕਾਰ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋ ਸਕਣਗੇ। ਕਿਸੇ ਵੀ ਸਿਆਸੀ ਪਾਰਟੀ ਜਾਂ ਹੋਰ ਜਥੇਬੰਦੀ ਦੇ ਨੁਮਾਇੰਦੇ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੌਰਾਨ ਹਾਈਕੋਰਟ ਨੇ ਅੰਤਿਮ ਸਸਕਾਰ ਮੌਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਨੂੰ ਸੌਂਪੀ ਹੈ ਅਤੇ ਇਸ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ।
ਪੀਜੀਆਈ ਵਿੱਚ ਹੋਇਆ ਮੁੜ ਪੋਸਟਮਾਰਟਮ
ਦਲਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਮੁੜ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਦਲਜੀਤ ਦੇ ਪਿਤਾ ਜਰਨੈਲ ਸਿੰਘ ਮੁਰਦਾਘਰ ਤੋਂ ਵਾਪਸ ਪਰਤ ਗਏ। ਉਨ੍ਹਾਂ ਦੀ ਭੈਣ ਅਮਰਜੀਤ ਕੌਰ ਨੇ ਵੀ ਇਸ ਮਾਮਲੇ ਵਿੱਚ ਹਾਈਕੋਰਟ ਦਾ ਰੁਖ਼ ਕੀਤਾ ਸੀ। ਪਰਿਵਾਰ ਦੀ ਮੰਗ ਸੀ ਕਿ ਦਲਜੀਤ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੀ ਬਜਾਏ ਉਨ੍ਹਾਂ ਦੇ ਜੱਦੀ ਪਿੰਡ ਭੰਮੇ ਕਲਾਂ ਵਿੱਚ ਹੀ ਕੀਤਾ ਜਾਵੇ। ਹਾਈਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ।
ਭੈਣ ਨੇ ਸੀਬੀਆਈ ਜਾਂਚ ਦੀ ਵੀ ਕੀਤੀ ਸੀ ਮੰਗ
ਜਾਣਕਾਰੀ ਮੁਤਾਬਕ 35 ਸਾਲਾ ਦਲਜੀਤ ਸਿੰਘ ਦੀ ਲਾਸ਼ 27 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਰਮਾਨੰਦੀ ਨੇੜੇ ਖੇਤਾਂ ਵਿੱਚੋਂ ਮਿਲੀ ਸੀ। ਉਨ੍ਹਾਂ ਦੀ ਮੌਤ ਨੂੰ ਲੈ ਕੇ ਪਰਿਵਾਰ ਅਤੇ ਪੁਲਿਸ ਦੇ ਵੱਖ-ਵੱਖ ਦਾਅਵੇ ਸਾਹਮਣੇ ਆਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ, ਜਦਕਿ ਪੁਲਿਸ ਵੱਲੋਂ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹੋਣ ਦੀ ਗੱਲ ਵੀ ਕਹੀ ਸੀ।
ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਮੁੜ ਪੋਸਟਮਾਰਟਮ ਦੀ ਮੰਗ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਮਾਮਲੇ ਦੀ ਸੀਬੀਆਈ ਜਾਂਚ, ਪੀਜੀਆਈ ਦੇ ਮਾਹਿਰ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ।







