- ਦੀਵਾਲੀ ਮੌਕੇ ਸੂਬੇ ਦੇ ਹਸਪਤਾਲ ਅਲਰਟ ਮੋਡ ’ਤੇ: ਵਿਸ਼ੇਸ਼ ਐਡਵਾਈਜ਼ਰੀ ਜਾਰੀ
- ਹਸਪਤਾਲਾਂ ਵਿੱਚ ਬਰਨ, ਈਐਨਟੀ ਅਤੇ ਐਮਰਜੈਂਸੀ ਬੈਡ ਰਾਖਵੇਂ, ਡਾਕਟਰ ਰਹਿਣਗੇ ਆਨ-ਕਾਲ
- ਆਤਿਸ਼ਬਾਜ਼ੀ ਅਤੇ ਹਾਦਸਿਆਂ ਦੇ ਇਲਾਜ ਵਿੱਚ ਨਹੀਂ ਹੋਵੇਗੀ ਦੇਰੀ
ਚੰਡੀਗੜ੍ਹ, 4 ਨਵੰਬਰ (ਦੇਸ਼ ਕਲਿੱਕ ਬਿਊਰੋ) – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੀਵਾਲੀ ਦੇ ਤਿਉਹਾਰ ਦੌਰਾਨ ਹਸਪਤਾਲਾਂ ਨੂੰ ਅਲਰਟ ਮੋਡ ’ਤੇ ਰਹਿਣ ਅਤੇ ਐਮਰਜੈਂਸੀ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਤਿਉਹਾਰ ਦੇ ਸਮੇਂ ਪਟਾਕਿਆਂ ਅਤੇ ਹੋਰ ਹਾਦਸਿਆਂ ਕਾਰਨ ਸੜਨ ਅਤੇ ਸਾਹ ਸਬੰਧੀ ਸਮੱਸਿਆਵਾਂ ਦੇ ਮਾਮਲਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬਰਨ ਵਾਰਡ ਵੱਖਰੇ ਤੌਰ ’ਤੇ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਐਮਰਜੈਂਸੀ ਕੇਂਦਰਾਂ ਵਿੱਚ ਬ੍ਰੋਂਕੋਡਾਇਲੇਟਰਜ਼, ਆਕਸੀਜਨ ਸਿਲੰਡਰ ਅਤੇ ਬਰਨ ਟ੍ਰੀਟਮੈਂਟ ਕਿੱਟ ਵਰਗੀਆਂ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਪਲਾਈ ਦਾ ਲੋੜੀਂਦੀ ਮਾਤਰਾ ਵਿੱਚ ਪਹਿਲਾਂ ਤੋਂ ਹੀ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਆਤਿਸ਼ਬਾਜ਼ੀ ਜਾਂ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦਾ ਤੁਰੰਤ ਇਲਾਜ ਸੰਭਵ ਹੋ ਸਕੇ, ਇਸ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ 20 ਤੋਂ ਵੱਧ ਬੈੱਡ ਰਾਖਵੇਂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੀਵਾਲੀ ਵਾਲੇ ਦਿਨ ਆਮ ਦਿਨਾਂ ਦੇ ਮੁਕਾਬਲੇ ਸੜਕ ਹਾਦਸਿਆਂ, ਝੁਲਸਣ ਅਤੇ ਅੱਖਾਂ ਦੀਆਂ ਸੱਟਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਐਮਰਜੈਂਸੀ ਵਿਭਾਗ ਤੋਂ ਇਲਾਵਾ ਅੱਖਾਂ ਦੇ ਰੋਗਾਂ (ਓਪਥੈਲਮੋਲੋਜੀ), ਆਰਥੋਪੀਡਿਕ ਅਤੇ ਸਰਜਰੀ ਵਿਭਾਗਾਂ ਵਿੱਚ ਵੀ ਬੈੱਡ ਰਾਖਵੇਂ ਰੱਖੇ ਜਾਣਗੇ।
ਸਿਹਤ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਅੱਖਾਂ ਦੇ ਰੋਗਾਂ, ਆਰਥੋਪੀਡਿਕ ਅਤੇ ਸਰਜਰੀ ਦੇ ਮਾਹਿਰਾਂ ਨੂੰ ਅਲਰਟ ਮੋਡ ਅਤੇ ਆਨ-ਕਾਲ ਡਿਊਟੀ ’ਤੇ ਰੱਖਿਆ ਜਾਵੇ, ਤਾਂ ਜੋ ਪੀੜਤਾਂ ਨੂੰ ਤੁਰੰਤ ਅਤੇ ਪ੍ਰਭਾਵੀ ਇਲਾਜ ਮਿਲ ਸਕੇ।
ਦੀਵਾਲੀ ਵਾਲੇ ਦਿਨ ਕਿਸੇ ਵੀ ਅਚਨਚੇਤੀ ਸਥਿਤੀ ਨਾਲ ਨਜਿੱਠਣ ਲਈ ਸਰਕਾਰੀ ਅਤੇ ਨਿੱਜੀ, ਦੋਵਾਂ ਖੇਤਰਾਂ ਦੇ ਮਾਹਿਰਾਂ ਨੂੰ ਤਾਇਨਾਤ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਬਰਨ ਦੇ ਮਰੀਜ਼ਾਂ ਲਈ ਲੋੜੀਂਦੀ ਗਿਣਤੀ ਵਿੱਚ ਸਟ੍ਰੈਚਰ, ਬੈਡ, ਆਈ/ਵੀ ਸਟੈਂਡ, ਆਈ/ਵੀ ਸਲੂਸ਼ਨ ਅਤੇ ਐਂਟੀਬਾਇਓਟਿਕਸ ਦੀ ਆਸਾਨ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਦੀਵਾਲੀ ਦੇ ਤਿਉਹਾਰ ਦੌਰਾਨ ਮੈਡੀਕਲ ਕਰਮਚਾਰੀਆਂ ਅਤੇ ਮਾਹਿਰਾਂ ਨੂੰ ਸ਼ਹਿਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਅੱਖਾਂ ਤੇ ਈਐਨਟੀ ਮਾਹਿਰਾਂ ਦੀਆਂ ਟੀਮਾਂ ਹਸਪਤਾਲਾਂ ਵਿੱਚ ਮੌਜੂਦ ਰਹਿਣਗੀਆਂ। ਇਸ ਦੇ ਨਾਲ ਹੀ ਗੰਭੀਰ ਮਾਮਲਿਆਂ ਦੀ ਤੁਰੰਤ ਦੇਖਭਾਲ ਲਈ ਹਸਪਤਾਲ ਦੇ ਟਰੌਮਾ ਸੈਂਟਰ ਅਤੇ ਆਈਸੀਯੂ ਵਿੱਚ ਵੀ ਵਿਸ਼ੇਸ਼ ਤੌਰ ’ਤੇ ਬੈੱਡ ਰਾਖਵੇਂ ਕੀਤੇ ਜਾਣਗੇ।







