- ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਪੱਪੂ ਯਾਦਵ ਪੁਜਾਰੀ ਬਣ ਕੇ ਸੰਸਦ ਪਹੁੰਚੇ, ਰਾਹੁਲ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਦਿੱਤਾ ਚੰਦਾ
ਨਵੀਂ ਦਿੱਲੀ, 31 ਜੁਲਾਈ (ਦੇਸ਼ ਕਲਿੱਕ ਬਿਊਰੋ): ਰਾਮ ਮੰਦਰ ਦਾ ਚੜ੍ਹਾਵਾ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਕੰਪਲੈਕਸ ਵਿੱਚ ਇੱਕ ਵੱਖਰੇ ਅੰਦਾਜ਼ ‘ਚ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰ ਪੱਪੂ ਯਾਦਵ ਪੁਜਾਰੀ ਬਣ ਕੇ ਵਿੱਚ ਦਾਨ ਪੇਟੀ ਲੈ ਕੇ ਪਹੁੰਚੇ। ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਦਾਨ ਡੱਬੇ ਵਿੱਚ ਦਾਨ ਜਮ੍ਹਾਂ ਕਰਵਾਇਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬੈਨਰ ਵੀ ਫੜੇ ਹੋਏ ਸਨ ਜਿਨ੍ਹਾਂ ‘ਤੇ ਲਿਖਿਆ ਸੀ, “ਅਮਿਤ ਸ਼ਾਹ ਸੰਸਦ ਤੋਂ ਕਿਉਂ ਗਾਇਬ ਹਨ?”
ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਕਾਰਵਾਈ ਦੁਪਹਿਰ 12 ਵਜੇ ਮੁੜ ਸ਼ੁਰੂ ਹੋਈ, ਤਾਂ ਲੋਕ ਸਭਾ ਨੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, 2026 ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ। ਲੋਕ ਸਭਾ ਅਤੇ ਰਾਜ ਸਭਾ ਨੂੰ 3 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਦੌਰਾਨ, ਕਾਂਗਰਸ ਨੇ ਸੰਸਦ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਬਿਆਨ ‘ਤੇ ਵਿਸ਼ੇਸ਼ ਅਧਿਕਾਰ ਪ੍ਰਸਤਾਵ ਪੇਸ਼ ਕੀਤਾ ਹੈ। ਸਿੰਘ ਨੇ ਕਿਹਾ ਸੀ ਕਿ ਜੰਤਰ-ਮੰਤਰ ਅਤੇ ਸੰਸਦ ਮਾਰਚ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਕੋਈ ਗੋਲੀਬਾਰੀ ਨਹੀਂ ਹੋਈ।



