ਪੰਜਾਬ ਵਿੱਚ ਨਵੰਬਰ-ਦਸੰਬਰ ‘ਚ ਹੋ ਸਕਦੀਆਂ ਨੇ ਚੋਣਾਂ, ਕਾਂਗਰਸ ਹੀ ‘ਆਪ’ ਦਾ ਅਸਲ ਬਦਲ: ਭੂਪੇਸ਼ ਬਘੇਲ ਨੇ ਕੀਤਾ ਵੱਡਾ ਦਾਅਵਾ
ਚੰਡੀਗੜ੍ਹ, 1 ਅਗਸਤ 2026
ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਸੂਬੇ ਦੇ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਨੂੰ ਚੋਣ ਤਿਆਰੀਆਂ ਵਿੱਚ ਜੁਟਣ ਦਾ ਸੱਦਾ ਦਿੱਤਾ ਹੈ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵੰਬਰ-ਦਸੰਬਰ ਦੌਰਾਨ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਸਾਰੇ ਵਰਕਰਾਂ ਅਤੇ ਲੀਡਰਾਂ ਨੂੰ ਹੁਣ ਤੋਂ ਹੀ ਪੂਰੀ ਮਿਹਨਤ ਅਤੇ ਤਿਆਰੀ ਨਾਲ ਮੈਦਾਨ ਵਿੱਚ ਉੱਤਰ ਜਾਣਾ ਚਾਹੀਦਾ ਹੈ।
ਭੂਪੇਸ਼ ਬਘੇਲ ਨੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਚਰਚਾ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਪੰਜ-ਕੋਣੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਮੌਜੂਦਾ ‘ਆਮ ਆਦਮੀ ਪਾਰਟੀ’ ਦੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਉਹ ਕਾਂਗਰਸ ਵੱਲ ਇੱਕੋ-ਇੱਕ ਮਜ਼ਬੂਤ ਅਤੇ ਭਰੋਸੇਯੋਗ ਬਦਲ ਵਜੋਂ ਦੇਖ ਰਹੇ ਹਨ। ਬਘੇਲ ਅਨੁਸਾਰ ਆਉਣ ਵਾਲੀਆਂ ਇਹ ਚੋਣਾਂ ਸਿਰਫ਼ ਸੱਤਾ ਦਾ ਫ਼ੈਸਲਾ ਨਹੀਂ ਕਰਨਗੀਆਂ, ਸਗੋਂ ਪੰਜਾਬ ਦੇ ਭਵਿੱਖ ਅਤੇ ਕਿਸਮਤ ਦਾ ਫ਼ੈਸਲਾ ਕਰਨਗੀਆਂ।
ਮੌਜੂਦਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੋਧੀਆਂ ਖ਼ਿਲਾਫ਼ ਕੰਮ ਕਰਦੀ ਹੈ, ਠੀਕ ਉਸੇ ਤਰ੍ਹਾਂ ਪੰਜਾਬ ਵਿੱਚ ‘ਆਪ’ ਸਰਕਾਰ ਵੀ ਬਦਲੇ ਦੀ ਭਾਵਨਾ ਨਾਲ ਕਾਰਵਾਈਆਂ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਨੇ ਆਪਣੇ ਪੂਰੇ ਇਤਿਹਾਸ ਵਿੱਚ ਕਦੇ ਵੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕੀਤੀ, ਸਗੋਂ ਹਮੇਸ਼ਾ ਵਿਕਾਸ ਅਤੇ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਹੈ।



