ਪਟਿਆਲਾ ‘ਚ ਮੀਂਹ ਬਣਿਆ ਕਹਿਰ, ਮਕਾਨ ਦੀ ਛੱਤ ਡਿੱਗਣ ਨਾਲ ਮਾਸੂਮ ਬੱਚੀ ਦੀ ਮੌਤ

Top Trending News ਪੰਜਾਬ

 

ਪਟਿਆਲਾ ‘ਚ ਮੀਂਹ ਬਣਿਆ ਕਹਿਰ, ਮਕਾਨ ਦੀ ਛੱਤ ਡਿੱਗਣ ਨਾਲ ਮਾਸੂਮ ਬੱਚੀ ਦੀ ਮੌਤ

ਪਟਿਆਲਾ, 4 ਅਗਸਤ 2026- ਪਟਿਆਲਾ ਜ਼ਿਲ੍ਹੇ ਦੇ ਸਨੌਰ ਸ਼ਹਿਰ ਦੇ ਭਾਂਖਰ ਚੌਕ ਵਿੱਚ ਲਗਾਤਾਰ ਪੈ ਰਹੀ ਬਰਸਾਤ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਮੀਂਹ ਕਾਰਨ ਇੱਕ ਕੱਚੇ ਮਕਾਨ ਦੀ ਛੱਤ ਅਚਾਨਕ ਢਹਿ ਜਾਣ ਨਾਲ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਮਾਸੂਮ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ। ਉਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਘਰ ਅੰਦਰ ਸੁੱਤੇ ਹੋਏ ਸਨ। ਲਗਾਤਾਰ ਹੋ ਰਹੀ ਬਰਸਾਤ ਕਾਰਨ ਮਕਾਨ ਦੀ ਛੱਤ ਕਮਜ਼ੋਰ ਹੋ ਗਈ ਅਤੇ ਅਚਾਨਕ ਢਹਿ ਕੇ ਹੇਠਾਂ ਆ ਗਿਰੀ। ਛੱਤ ਦਾ ਸਾਰਾ ਮਲਬਾ ਮਾਸੂਮ ਬੱਚੀ ਉੱਪਰ ਆ ਡਿੱਗਿਆ, ਜਿਸ ਕਾਰਨ ਉਹ ਮਲਬੇ ਹੇਠਾਂ ਦੱਬ ਗਈ। ਪਰਿਵਾਰ ਵੱਲੋਂ ਤੁਰੰਤ ਬੱਚੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਪਰਿਵਾਰ ਨੇ ਦੱਸਿਆ ਕਿ ਉਹ ਪ੍ਰਵਾਸੀ ਮਜ਼ਦੂਰ ਹਨ ਅਤੇ ਰੋਜ਼ੀ-ਰੋਟੀ ਕਮਾਉਣ ਲਈ ਸਨੌਰ ਵਿੱਚ ਰਹਿ ਰਹੇ ਸਨ। ਇਸ ਹਾਦਸੇ ਨੇ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ। ਸਥਾਨਕ ਲੋਕਾਂ ਨੇ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ। ਨਾਲ ਹੀ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਖਸਤਾਹਾਲ ਅਤੇ ਖਤਰਨਾਕ ਮਕਾਨਾਂ ਦੀ ਜਾਂਚ ਕਰਕੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਅਜਿਹੇ ਦਰਦਨਾਕ ਹਾਦਸਿਆਂ ਨੂੰ ਭਵਿੱਖ ਵਿੱਚ ਰੋਕਿਆ ਜਾ ਸਕੇ।