ਚੰਡੀਗੜ੍ਹ ‘ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮਹਾਂ ਰੈਲੀ 7 ਅਗਸਤ ਨੂੰ
ਗੜ੍ਹਸ਼ੰਕਰ 04 ਅਗਸਤ 2026 – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਕਾਈ ਬਲਾਕ ਗੜ੍ਹਸ਼ੰਕਰ ਜੋਨ ਦੀ ਮੀਟਿੰਗ ਰੌਸ਼ਨ ਲਾਲ ਵਰਮਾ ਪ੍ਰਧਾਨਗੀ ਹੇਠ ਲਾਇਬ੍ਰੇਰੀ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ। ਮੀਟਿੰਗ ਦੇ ਫੈਸਲਿਆਂ ਬਾਰੇ ਪੈਨਸ਼ਨਰ ਆਗੂਆਂ ਬਲਵੰਤ ਰਾਮ ਅਤੇ ਗੋਪਾਲ ਦਾਸ ਮਨਹੋਤਰਾ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਹੋਣ ਵਾਲੀ 7 ਅਗਸਤ ਦੀ ਮਹਾਂ ਰੈਲੀ ਲਈ ਬਲਾਕ ਗੜਸ਼ੰਕਰ ਤੋਂ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਮੂਲੀਅਤ ਕਰਨਗੇ।
ਰੈਲੀ ਲਈ ਵਾਹਨ 9 ਵਜੇ ਦਫ਼ਤਰ ਜੰਗਲਾਤ ਵਿਭਾਗ ਨੇੜੇ ਕਚਿਹਿਰੀ ਤੋਂ ਰਵਾਨਾ ਹੋਣਗੇ। ਰੈਲੀ ਲਈ ਪਰਚਾਰ ਅਤੇ ਫੰਡ ਇਕੱਠਾ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਜੋ ਹਰ ਪੈਨਸ਼ਨਰ ਤੱਕ ਰੈਲੀ ਦਾ ਸੁਨੇਹਾ ਪਹੁੰਚਾਣਗੀਆਂ । ਇਹ ਰੈਲੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਉਲਟਾ ਹੱਕ ਮੰਗਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਜਿਸ ਕਾਰਨ ਇਸ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ।
ਜਿਸ ਦਾ ਪਰਗਟਾਵਾ ਆਉਣ ਵਾਲੀਆਂ ਚੋਣਾਂ ਵਿੱਚ ਕੀਤਾ ਜਾਵੇਗਾ ਤੇ ਆਪ ਆਦਮੀ ਪਾਰਟੀ ਨੂੰ ਹਾਰ ਦਾ ਸੁਆਦ ਚਖਾਇਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨਾਲ਼ ਵੱਡਾ ਧ੍ਰੋਹ ਕਮਾਇਆ ਹੈ। ਪੰਜਾਬ ਦੇ ਸੈਂਕੜੇ ਪੈਨਸ਼ਨਰ ਆਪਣੇ ਬਕਾਏ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ। ਸੰਘਰਸ਼ ਕਰਦੇ ਬਜ਼ੁਰਗ ਪੈਨਸ਼ਨਰਾਂ ਦੀ ਮੰਗ ਤੇ ਹਮਦਰਦੀ ਨਾਲ਼ ਗੌਰ ਕਰਨ ਦੀ ਥਾਂ ਪੈਨਸ਼ਨਰਾਂ ਤੇ ਲਾਠੀਆਂ ਚਲਾਈਆਂ ਗਈਆਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਉਹਨਾਂ ਕਿਹਾ ਕਿਹਾ ਹਾਈ ਕੋਰਟ ਦਾ ਡੀ ਏ ਜਾਰੀ ਕਰਨ ਦਾ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ,ਪੈਨਸ਼ਨ ਸੁਧਾਈ ਲਈ 2.59 ਦਾ ਗੁੰਨਾਂਕ ਲਾਗੂ ਕੀਤਾ ਜਾਵੇ, ਇਲਾਜ ਵਾਸਤੇ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਬੱਝਵਾਂ ਮੈਡੀਕਲ ਭੱਤਾ ਦੋ ਹਜ਼ਾਰ ਕੀਤਾ ਜਾਵੇ, ਬਕਾਇਆ ਡੀ. ਏ. ਦੀਆਂ ਕਿਸ਼ਤਾਂ ਤੁਰੰਤ ਯਕਮੁਸ਼ਤ ਨਕਦ ਦਿੱਤੀਆ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।ਮੀਟਿੰਗ ਵਿੱਚ ਬਾਬੂ ਪਰਮਾ ਨੰਦ, ਮੇਜਰ ਸਿੰਘ,ਸ਼ਿੰਗਾਰਾ ਰਾਮ ਭੱਜਲ,ਰਤਨ ਸਿੰਘ,ਮਹਿੰਗਾ ਰਾਮ ,ਸੁਰਿੰਦਰ ਪਾਲ ਹੀਰ, ਮੁਖ਼ਤਿਆਰ ਚੰਦ, ਦਲਬੀਰ ਸਿੰਘ,ਸਤਪਾਲ ਸਿੰਘ,ਰਘੁਵੀਰ ਸਿੰਘ ਅਤੇ ਹਰਿ ਓਮ ਨੇ ਵੀ ਆਪਣੇ ਵਿਚਾਰ ਰੱਖੇ।



