ਦੇਸ਼ ’ਚ ਜਲਦ ਆ ਸਕਦੇ ਨੇ ਪਲਾਸਟਿਕ ਦੇ ਨੋਟ! ਰਾਜ ਸਭਾ ‘ਚ ਟੈਸਟਿੰਗ ਨੂੰ ਮਨਜ਼ੂਰੀ

Top Trending News ਪੰਜਾਬ ਰਾਸ਼ਟਰੀ

 

ਦੇਸ਼ ’ਚ ਜਲਦ ਆ ਸਕਦੇ ਨੇ ਪਲਾਸਟਿਕ ਦੇ ਨੋਟ! ਰਾਜ ਸਭਾ ‘ਚ ਟੈਸਟਿੰਗ ਨੂੰ ਮਨਜ਼ੂਰੀ

ਨਵੀਂ ਦਿੱਲੀ, 11 ਅਗਸਤ 2026

ਦੇਸ਼ ਵਿੱਚ 10 ਅਤੇ 20 ਰੁਪਏ ਦੇ ਪਲਾਸਟਿਕ (ਪੌਲੀਮਰ) ਬੈਂਕ ਨੋਟਾਂ ਦੀ ਖੇਤਰੀ ਪੱਧਰ ’ਤੇ ਟੈਸਟਿੰਗ ਕਰਨ ਨੂੰ ਮਨਜ਼ੂਰੀ ਦੇ ਕੇਂਦਰ ਸਰਕਾਰ ਨੇ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

ਵਿੱਤ ਮੰਤਰੀ ਮੁਤਾਬਕ, ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਕੇਂਦਰੀ ਬੋਰਡ ਦੀ ਸਿਫ਼ਾਰਸ਼ ਦੇ ਆਧਾਰ ’ਤੇ ਆਰਬੀਆਈ ਐਕਟ, 1934 ਦੀ ਧਾਰਾ 25 ਤਹਿਤ ਸਰਕਾਰ ਨੂੰ ਪੌਲੀਮਰ ਨੋਟ ਜਾਰੀ ਕਰਨ ਦਾ ਪ੍ਰਸਤਾਵ ਭੇਜਿਆ ਸੀ। ਇਸ ਤਹਿਤ 10 ਅਤੇ 20 ਰੁਪਏ ਦੇ ਲਗਭਗ ਇੱਕ ਅਰਬ ਪਲਾਸਟਿਕ ਨੋਟ ਖੇਤਰੀ ਟੈਸਟਾਂ ਲਈ ਪੇਸ਼ ਕੀਤੇ ਜਾਣਗੇ।

ਸਰਕਾਰ ਮੁਤਾਬਕ ਜੇਕਰ ਇਹ ਖੇਤਰੀ ਪ੍ਰੀਖਣ ਸਫਲ ਰਹਿੰਦੇ ਹਨ ਤਾਂ ਦੋਵਾਂ ਮੁੱਲਾਂ ਦੇ ਪੌਲੀਮਰ ਨੋਟ ਨਿਯਮਤ ਤੌਰ ’ਤੇ ਜਾਰੀ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਹਾਲਾਂਕਿ, ਇਸ ਸਮੇਂ ਇਨ੍ਹਾਂ ਨੋਟਾਂ ਦੀ ਪੂਰੀ ਤਰ੍ਹਾਂ ਸ਼ੁਰੂਆਤ ਲਈ ਕੋਈ ਨਿਸ਼ਚਿਤ ਸਮਾਂ-ਸੀਮਾ ਜਾਂ ਸੰਭਾਵਿਤ ਖਰਚਾ ਤੈਅ ਨਹੀਂ ਕੀਤਾ ਗਿਆ ਹੈ, ਕਿਉਂਕਿ ਪ੍ਰਕਿਰਿਆ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ।

ਇਸ ਦੌਰਾਨ ਮਹਿੰਗਾਈ ਬਾਰੇ ਜਾਣਕਾਰੀ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਔਸਤ ਪ੍ਰਚੂਨ ਮਹਿੰਗਾਈ 2023-24 ਵਿੱਚ 5.4 ਫੀਸਦੀ ਤੋਂ ਘਟ ਕੇ 2025-26 ਵਿੱਚ 2.1 ਫੀਸਦੀ ਰਹੀ। ਹਾਲਾਂਕਿ 2026-27 ਦੀ ਪਹਿਲੀ ਤਿਮਾਹੀ ਵਿੱਚ ਇਹ ਵਧ ਕੇ 3.9 ਫੀਸਦੀ ਹੋ ਗਈ। ਉਨ੍ਹਾਂ ਕਿਹਾ ਕਿ ਇਹ ਦਰ ਅਜੇ ਵੀ RBI ਦੇ 4 ਫੀਸਦੀ ਟੀਚੇ ਤੋਂ ਹੇਠਾਂ ਹੈ।