ਵੱਡੀ ਖ਼ਬਰ: ਪੰਜਾਬ ਦੇ ਨਸ਼ਾ ਤਸਕਰ ਦੀ ₹2.09 ਕਰੋੜ ਦੀ ਸੰਪਤੀ ਫ੍ਰੀਜ਼

Top Trending News ਪੰਜਾਬ

 

ਵੱਡੀ ਖ਼ਬਰ: ਪੰਜਾਬ ਦੇ ਨਸ਼ਾ ਤਸਕਰ ਦੀ ₹2.09 ਕਰੋੜ ਦੀ ਸੰਪਤੀ ਫ੍ਰੀਜ਼

ਚੰਡੀਗੜ੍ਹ, 12 ਅਗਸਤ 2026

ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰੀ ਨੈੱਟਵਰਕ ਵਿਰੁੱਧ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸ਼ਿਮਲਾ ਪੁਲਿਸ ਨੇ ਇੱਕ ਮੁੱਖ ਨਸ਼ਾ ਤਸਕਰ ਦੀ ₹2.09 ਕਰੋੜ ਦੀ ਗ਼ੈਰ-ਕਾਨੂੰਨੀ ਚੱਲ-ਅਚੱਲ ਜਾਇਦਾਦ ਫ੍ਰੀਜ਼ ਕਰ ਦਿੱਤੀ ਹੈ। ਜ਼ਬਤ ਕੀਤੀ ਸੰਪਤੀ ਵਿੱਚ ਫ਼ਾਰਚੂਨਰ ਸਮੇਤ 6 ਲਗਜ਼ਰੀ ਗੱਡੀਆਂ, 2 ਕਮਰਸ਼ੀਅਲ ਪ੍ਰਾਪਰਟੀਜ਼, 1 ਰਿਹਾਇਸ਼ੀ ਮਕਾਨ ਅਤੇ ਕਈ ਬੈਂਕ ਖ਼ਾਤੇ ਸ਼ਾਮਲ ਹਨ।

ਜਾਣਕਾਰੀ ਅਨੁਸਾਰ 20 ਜੂਨ 2026 ਨੂੰ ਸ਼ਿਮਲਾ ਪੁਲਿਸ ਨੇ ਕਨਲੋਗ ਸਥਿਤ ਇੱਕ ਹੋਮ-ਸਟੇਅ ਤੋਂ ਬਠਿੰਡਾ ਦੇ ਗੋਪਾਲ ਕੁਮਾਰ ਨੂੰ 16 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਤੋਂ ਬਾਅਦ ਮੁਹਾਲੀ ਤੋਂ ਗੁਰਵਚਨ ਸਿੰਘ ਉਰਫ਼ ਗੁਰੂ ਨੂੰ 162 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ। ਜਾਂਚ ਦੇ ਆਧਾਰ ‘ਤੇ ਬਠਿੰਡਾ ਦੇ ਦੀਪਕ ਕੁਮਾਰ ਉਰਫ਼ ਕਰਣੀ ਬਰਾੜ ਨੂੰ ਇਸ ਨੈੱਟਵਰਕ ਦਾ ਮੁੱਖ ਸੰਚਾਲਕ ਪਾਇਆ ਗਿਆ। ਸ਼ਿਮਲਾ ਅਤੇ ਬਠਿੰਡਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਉਸ ਨੂੰ ਗ੍ਰਿਫ਼ਤਾਰ ਕੀਤਾ। ਫਿਲਹਾਲ ਮੁੱਖ ਮੁਲਜ਼ਮ ਅਤੇ ਉਸ ਦੇ ਸਾਥੀ ਸ਼ਿਮਲਾ ਜੇਲ੍ਹ ਵਿੱਚ ਹਨ।

ਪੁਲਿਸ ਮੁਤਾਬਕ ਦੀਪਕ ‘ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਮਾਮਲੇ ਦਰਜ ਹਨ। ਵਿੱਤੀ ਜਾਂਚ ਦੌਰਾਨ ਉਸ ਦੇ ਬੈਂਕ ਖ਼ਾਤਿਆਂ ਵਿੱਚ ਪਿਛਲੇ ਛੇ ਮਹੀਨਿਆਂ ‘ਚ ₹50 ਲੱਖ ਤੋਂ ਵੱਧ ਦਾ ਲੈਣ-ਦੇਣ ਸਾਹਮਣੇ ਆਇਆ, ਜਿਸ ਤੋਂ ਬਾਅਦ ਨਸ਼ੇ ਦੀ ਕਮਾਈ ਨਾਲ ਬਣਾਈ ₹2.09 ਕਰੋੜ ਦੀ ਜਾਇਦਾਦ ਦੀ ਪਛਾਣ ਕਰ ਕੇ ਉਸ ਨੂੰ ਫ੍ਰੀਜ਼ ਕੀਤਾ ਗਿਆ।

ਸ਼ਿਮਲਾ ਦੇ ਐੱਸ.ਐੱਸ.ਪੀ. ਗੌਰਵ ਸਿੰਘ ਨੇ ਦੱਸਿਆ ਕਿ ਸਾਲ 2024-25 ਵਿੱਚ ਜਾਇਦਾਦ ਜ਼ਬਤ ਕਰਨ ਦਾ ਅੰਕੜਾ ਜ਼ੀਰੋ ਸੀ, ਜਦਕਿ 2026 ਵਿੱਚ ਹੁਣ ਤੱਕ ₹6.38 ਕਰੋੜ ਦੀ ਅਵੈਧ ਜਾਇਦਾਦ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਪੁਲਿਸ ਅਨੁਸਾਰ ਕਾਰਵਾਈ ਸਿਰਫ਼ ਤਸਕਰਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਉਨ੍ਹਾਂ ਦੀ ਗ਼ੈਰ-ਕਾਨੂੰਨੀ ਕਮਾਈ ‘ਤੇ ਵੀ ਸਿੱਧੀ ਸੱਟ ਮਾਰੀ ਜਾਵੇਗੀ।