ਭਾਰੀ ਬਾਰਿਸ਼ ਦਾ ਕਹਿਰ! ਪਠਾਨਕੋਟ ਦੇ ਸਰਹੱਦੀ ਖੇਤਰਾਂ ‘ਚ ਹੜ੍ਹ ਵਰਗੀ ਸਥਿਤੀ, 35 ਪਿੰਡ ਪ੍ਰਭਾਵਿਤ

Top Trending News ਪੰਜਾਬ

 

ਭਾਰੀ ਬਾਰਿਸ਼ ਦਾ ਕਹਿਰ! ਪਠਾਨਕੋਟ ਦੇ ਸਰਹੱਦੀ ਖੇਤਰਾਂ ‘ਚ ਹੜ੍ਹ ਵਰਗੀ ਸਥਿਤੀ, 35 ਪਿੰਡ ਪ੍ਰਭਾਵਿਤ

ਪਠਾਨਕੋਟ 12 ਅਗਸਤ 2026

ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਦੇਰ ਰਾਤ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਸਰਹੱਦੀ ਖੇਤਰਾਂ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਜੰਮੂ-ਕਸ਼ਮੀਰ ਵੱਲੋਂ ਉੱਜ ਦਰਿਆ ਵਿੱਚ 1,30,000 ਕਿਊਸਿਕ ਤੋਂ ਵੱਧ ਪਾਣੀ ਬਮਿਆਲ ਖੇਤਰ ਵਿੱਚ ਦਾਖਲ ਹੋਣ ਅਤੇ ਜਲਾਲੀਆ ਦਰਿਆ ਵਿੱਚ ਅਚਾਨਕ 40,000 ਕਿਊਸਿਕ ਤੋਂ ਵੱਧ ਪਾਣੀ ਆਉਣ ਨਾਲ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਦਰਿਆਵਾਂ ਦਾ ਪਾਣੀ ਓਵਰਫਲੋਅ ਹੋ ਕੇ ਆਲੇ-ਦੁਆਲੇ ਦੇ ਖੇਤਾਂ ਵਿੱਚ ਵੜ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਤਿਆਰ ਫਸਲਾਂ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਬਮਿਆਲ ਤੋਂ ਪਠਾਨਕੋਟ ਅਤੇ ਦੀਨਾਨਗਰ ਨੂੰ ਜੋੜਨ ਵਾਲੀ ਮੁੱਖ ਸੜਕ ਮੁਕੰਮਲ ਤੌਰ ‘ਤੇ ਬੰਦ ਹੋ ਗਈ ਹੈ। ਸੜਕਾਂ ‘ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਠੱਪ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੰਘਣਾ ਪੈ ਰਿਹਾ ਹੈ।

ਸਥਾਨਕ ਲੋਕਾਂ ਅਨੁਸਾਰ ਜਲਾਲੀਆ ਦਰਿਆ ‘ਤੇ ਬਣ ਰਹੀ ਅਧੂਰੀ ਪੁਲੀ ਪਾਣੀ ਦੀ ਨਿਕਾਸੀ ਵਿੱਚ ਸਭ ਤੋਂ ਵੱਡਾ ਰੋੜਾ ਬਣੀ ਹੈ, ਜਿਸ ਕਾਰਨ ਪਾਣੀ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਵੱਲ ਮੁੜ ਗਿਆ। ਇਸ ਤਬਾਹੀ ਨਾਲ ਬਮਿਆਲ, ਦਨਵਾਲ, ਮੁੱਠੀ, ਮੀਰੇਚੱਕ ਸਮੇਤ ਲਗਭਗ 30 ਤੋਂ 35 ਪਿੰਡਾਂ ਦੇ ਲੋਕਾਂ ਦੇ ਭਾਰੀ ਆਰਥਿਕ ਅਤੇ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਹਾ ਹੈ।

ਦੂਜੇ ਪਾਸੇ, ਰਣਜੀਤ ਸਾਗਰ ਡੈਮ ਵੱਲੋਂ ਮਾਧੋਪੁਰ ਹੈੱਡਵਰਕਸ ‘ਤੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪ੍ਰਸ਼ਾਸਨ ਨੂੰ ਸੁਰੱਖਿਆ ਵਜੋਂ 9,200 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਣਾ ਪਿਆ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।