ਅਮਰੀਕਾ ’ਚ ਭਾਰਤੀ ਮੂਲ ਦੇ 17 ਸਾਲਾ ਨੌਜਵਾਨ ’ਤੇ ਮਾਂ ਅਤੇ ਭਰਾ ਦੀ ਹੱਤਿਆ ਦੇ ਦੋਸ਼
ਨਵੀਂ ਦਿੱਲੀ, 13 ਅਗਸਤ 2026
ਅਮਰੀਕਾ ਦੇ ਮੈਸਾਚੂਸੇਟਸ ਸੂਬੇ ਵਿੱਚ ਭਾਰਤੀ ਮੂਲ ਦੇ 17 ਸਾਲਾ ਨੌਜਵਾਨ ਅਰਜੁਨ ਅਰਵਿੰਦ ’ਤੇ ਆਪਣੀ ਮਾਂ ਅਤੇ ਛੋਟੇ ਭਰਾ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਮ੍ਰਿਤਕਾਂ ਦੀ ਪਛਾਣ 45 ਸਾਲਾ ਸੁਧਾ ਵੈਂਕਟੇਸ਼ਨ ਅਤੇ 14 ਸਾਲਾ ਸਿਧਾਰਥ ਅਰਵਿੰਦ ਵਜੋਂ ਹੋਈ ਹੈ। ਪੁਲਿਸ ਨੇ ਅਰਜੁਨ ਨੂੰ ਘਟਨਾ ਤੋਂ ਅਗਲੇ ਦਿਨ ਵੈਲੈਂਡ ਇਲਾਕੇ ਤੋਂ ਹਿਰਾਸਤ ਵਿੱਚ ਲੈ ਲਿਆ।
ਮਿਡਲਸੈਕਸ ਜ਼ਿਲ੍ਹਾ ਅਟਾਰਨੀ ਦਫ਼ਤਰ ਅਤੇ ਪੁਲਿਸ ਮੁਤਾਬਕ, 11 ਅਗਸਤ ਦੀ ਸ਼ਾਮ ਕਰੀਬ ਸਾਢੇ 6 ਵਜੇ ਅਰਜੁਨ ਦੇ ਪਿਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੰਪਰਕ ਨਹੀਂ ਕਰ ਪਾ ਰਹੇ। ਪਰਿਵਾਰ ਕੋਲ ਪੜ੍ਹਾਉਣ ਆਉਣ ਵਾਲਾ ਅਧਿਆਪਕ ਵੀ ਉਨ੍ਹਾਂ ਨਾਲ ਸੰਪਰਕ ਕਰਨ ਵਿੱਚ ਅਸਫਲ ਰਿਹਾ। ਪੁਲਿਸ ਜਦੋਂ ਐਕਟਨ ਸਥਿਤ ਘਰ ਪਹੁੰਚੀ ਤਾਂ ਸਿਧਾਰਥ ਪਹਿਲੀ ਮੰਜ਼ਿਲ ਅਤੇ ਸੁਧਾ ਤਹਿਖਾਨੇ ਵਿੱਚ ਮ੍ਰਿਤਕ ਮਿਲੇ।
ਅਧਿਕਾਰੀਆਂ ਅਨੁਸਾਰ ਦੋਵਾਂ ਦੇ ਸਰੀਰਾਂ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੌਤ ਦਾ ਸਹੀ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ ਅਤੇ ਜਾਂਚਕਰਤਾ ਇਹ ਪਤਾ ਲਗਾ ਰਹੇ ਹਨ ਕਿ ਕੀ ਕਿਸੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ।
ਘਟਨਾ ਮਗਰੋਂ ਅਰਜੁਨ ਘਰੋਂ ਲਾਪਤਾ ਸੀ ਅਤੇ ਕਥਿਤ ਤੌਰ ’ਤੇ ਆਪਣੀ ਮਾਂ ਦੀ ਕਾਰ ਲੈ ਕੇ ਚਲਾ ਗਿਆ। ਅਗਲੇ ਦਿਨ ਵੈਲੈਂਡ ਵਿੱਚ ਪੁਲਿਸ ਨੂੰ ਉਹ ਕਾਰ ਮਿਲੀ, ਜਿਸ ਵਿੱਚ ਅਰਜੁਨ ਵੀ ਮੌਜੂਦ ਸੀ। ਉਸ ਨੂੰ ਬਿਨਾਂ ਕਿਸੇ ਵਿਰੋਧ ਦੇ ਹਿਰਾਸਤ ਵਿੱਚ ਲੈ ਲਿਆ ਗਿਆ। ਅਰਜੁਨ ’ਤੇ ਹੱਤਿਆ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨਾਲ ਹਿੰਸਾ, ਬਿਨਾਂ ਇਜਾਜ਼ਤ ਵਾਹਨ ਵਰਤਣ ਅਤੇ ਵਾਹਨ ਚੋਰੀ ਦੇ ਦੋਸ਼ ਵੀ ਲਗਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।



