ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਥਾਣੇਦਾਰ ਸਮੇਤ ਮੁਲਾਜ਼ਮ ਸਸਪੈਂਡ, ਪੜ੍ਹੋ ਪੂਰਾ ਮਾਮਲਾ

Top Trending News ਪੰਜਾਬ

 

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਥਾਣੇਦਾਰ ਸਮੇਤ ਮੁਲਾਜ਼ਮ ਸਸਪੈਂਡ, ਪੜ੍ਹੋ ਪੂਰਾ ਮਾਮਲਾ

ਹਾਈ ਕੋਰਟ ਦੇ ਵਰੰਟ ਅਫਸਰ ਨਾਲ ਸਹਿਯੋਗ ਨਾ ਕਰਨ ’ਤੇ ਥਾਣਾ ਮੁਖੀ ਸਮੇਤ ਤਿੰਨ ਪੁਲੀਸ ਮੁਲਾਜ਼ਮ ਮੁਅੱਤਲ

ਤਰਨ ਤਾਰਨ, 13 ਅਗਸਤ 2026

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੈਸ਼ੀਆਣਾ ਦੀ ਵਸਨੀਕ ਹਰਜਿੰਦਰ ਕੌਰ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਵਰੰਟ ਅਫਸਰ ਨਾਲ ਸਹਿਯੋਗ ਨਾ ਕਰਨ ਦੇ ਦੋਸ਼ ਹੇਠ ਐੱਸ.ਐੱਸ.ਪੀ. ਤਰਨ ਤਾਰਨ ਨੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਮੁਅੱਤਲ ਕੀਤੇ ਗਏ ਹੋਰ ਮੁਲਾਜ਼ਮਾਂ ਵਿੱਚ ਰਾਤਰੀ ਮੁਣਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਅਤੇ ਡਿਊਟੀ ਅਫਸਰ ਏ.ਐੱਸ.ਆਈ. ਇੰਦਰਜੀਤ ਸਿੰਘ ਸ਼ਾਮਲ ਹਨ।

ਪੜਤਾਲ ਦੌਰਾਨ ਸਾਹਮਣੇ ਆਇਆ ਕਿ ਹਰਜਿੰਦਰ ਕੌਰ ਨੂੰ ਉਸ ਦੇ ਪਤੀ ਵਿਰੁੱਧ ਦਰਜ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋ ਮਾਮਲਿਆਂ ਕਾਰਨ ਹਿਰਾਸਤ ਵਿੱਚ ਰੱਖਿਆ ਗਿਆ ਸੀ। ਦੋਸ਼ ਹੈ ਕਿ ਪੁਲੀਸ ਉਸ ਦੇ ਪਤੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ, ਨੂੰ ਪੇਸ਼ ਕਰਵਾਉਣ ਲਈ ਉਸ ਦੀ ਪਤਨੀ ਨੂੰ ਹੀ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖ ਰਹੀ ਸੀ।

ਇਸ ਕਾਰਵਾਈ ਖ਼ਿਲਾਫ਼ ਪਰਿਵਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਵਰੰਟ ਅਫਸਰ ਨਿਯੁਕਤ ਕਰਕੇ ਮਹਿਲਾ ਦੀ ਸਥਿਤੀ ਬਾਰੇ ਪੜਤਾਲ ਦੇ ਹੁਕਮ ਦਿੱਤੇ ਗਏ। ਇਸ ਦੌਰਾਨ ਪੁਲੀਸ ਵੱਲੋਂ ਵਰੰਟ ਅਫਸਰ ਨਾਲ ਕਥਿਤ ਤੌਰ ’ਤੇ ਸਹਿਯੋਗ ਨਾ ਕਰਨ ਦੀ ਗੱਲ ਸਾਹਮਣੇ ਆਈ।

ਅਦਾਲਤ ਨੇ ਮਾਮਲੇ ਨਾਲ ਸਬੰਧਤ ਥਾਣੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪੁਲੀਸ ਵਿਭਾਗ ਦੀ ਇਸ ਕਾਰਵਾਈ ਨੂੰ ਹਿਰਾਸਤ ਸਬੰਧੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।