80ਵੇਂ ਸੁਤੰਤਰਤਾ ਦਿਵਸ ਮੌਕੇ ਮੋਹਾਲੀ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਲਹਿਰਾਉਣਗੇ ਕੌਮੀ ਝੰਡਾ

Top Trending News ਪੰਜਾਬ
  • 80ਵੇਂ ਸੁਤੰਤਰਤਾ ਦਿਵਸ ਮੌਕੇ ਮੋਹਾਲੀ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਲਹਿਰਾਉਣਗੇ ਕੌਮੀ ਝੰਡਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਵੱਲੋਂ 15 ਅਗਸਤ, 2026 ਨੂੰ 80ਵੇਂ ਸੁਤੰਤਰਤਾ ਦਿਵਸ ਮੌਕੇ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਜਾਵੇਗਾ।

ਸ. ਹਰਭਜਨ ਸਿੰਘ ਈ ਟੀ ਓ ਪੰਜਾਬ ਵਿਧਾਨ ਸਭਾ ਦੇ ਜੰਡਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਬਹੁਤ ਹੀ ਸਾਦੇ ਅਤੇ ਮਿਹਨਤੀ ਪਿਛੋਕੜ ਤੋਂ ਆਏ ਸ. ਹਰਭਜਨ ਸਿੰਘ ਈ ਟੀ ਓ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲਾਂ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸਾਲ 2012 ਵਿੱਚ ਪੰਜਾਬ ਰਾਜ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੀ ਸੀ ਐਸ ਅਲਾਇਡ ਸਰਵਿਸਿਜ਼ ਵਿੱਚ ਚੁਣੇ ਜਾਣ ਬਾਅਦ ਸੂਬੇ ਵਿੱਚ ਐਕਸਾਈਜ਼ ਅਤੇ ਟੈਕਸੇਸ਼ਨ ਅਫ਼ਸਰ ਵਜੋਂ ਸੇਵਾ ਨਿਭਾਈ, ਜਿਸ ਦੌਰਾਨ ਉਨ੍ਹਾਂ ਨੇ 2016 ਤੱਕ ਆਪਣੀਆਂ ਸੇਵਾਵਾਂ ਦਿੱਤੀਆਂ।

ਉਨ੍ਹਾਂ ਨੇ ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਕੇ ਸਰਗਰਮ ਸਿਆਸੀ ਜੀਵਨ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਾਨੂੰਨ ਦੀ ਸਿੱਖਿਆ ਹਾਸਲ ਕੀਤੀ ਅਤੇ ਸਾਲ 2021 ਵਿੱਚ ਖਾਲਸਾ ਕਾਲਜ ਆਫ਼ ਲਾਅ, ਅੰਮ੍ਰਿਤਸਰ ਤੋਂ ਐਲ ਐਲ ਬੀ ਦੀ ਡਿਗਰੀ ਪ੍ਰਾਪਤ ਕੀਤੀ।

ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਜੰਡਿਆਲਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ।

ਬਿਜਲੀ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਸ. ਹਰਭਜਨ ਸਿੰਘ ਈ ਟੀ ਓ ਨੇ ਸੂਬੇ ਵਿੱਚ ਬਿਜਲੀ ਸਪਲਾਈ ਨੂੰ ਮਜ਼ਬੂਤ ਕਰਨ ਅਤੇ ਲੋਡ ਸ਼ੈਡਿੰਗ ਨੂੰ ਘਟਾਉਣ ਲਈ ਕਈ ਮਹੱਤਵਪੂਰਨ ਉਪਰਾਲੇ ਕੀਤੇ। ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖਪਤਕਾਰਾਂ ਨੂੰ ਭਰੋਸੇਮੰਦ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵੱਖ-ਵੱਖ ਪ੍ਰਾਜੈਕਟਾਂ ਨੂੰ ਅੱਗੇ ਵਧਾਇਆ ਗਿਆ।

ਲੋਕ ਨਿਰਮਾਣ ਮੰਤਰੀ ਵਜੋਂ ਵੀ ਉਨ੍ਹਾਂ ਵੱਲੋਂ ਪੰਜਾਬ ਦੇ ਸੜਕੀ ਅਤੇ ਹੋਰ ਜਨਤਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਕਈ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਅਤੇ ਮੁਕੰਮਲ ਕੀਤੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਬਿਹਤਰ ਸੜਕੀ ਢਾਂਚਾ, ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਲੋਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ।