- ਮਨਿਸਟਰੀਅਲ ਕਾਮਿਆਂ ਵੱਲੋਂ 17 ਤੇ 18 ਨੂੰ ਕਲਮਛੋੜ ਹੜਤਾਲ ਅਤੇ 27 ਨੂੰ ਮਹਾਂਬੰਦ ਦਾ ਐਲਾਨ
- ਮਨਿਸਟਰੀਅਲ ਕਾਮਿਆਂ ਵੱਲੋਂ ਵਿੱਤ ਮੰਤਰੀ ਦਾ ਅਰਥੀ ਫੂਕ ਮੁਜਾਹਰਾ
ਸ਼੍ਰੀ ਮੁਕਤਸਰ ਸਾਹਿਬ, 13 ਅਗਸਤ (ਦੇਸ਼ ਕਲਿੱਕ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੀਤੇ ਦਿਨੀ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਾਮਿਆਂ ਨੂੰ ਐਂਟੀ ਸਟੇਟ ਕਹਿਣ ਦੇ ਰੋਸ ਵਜੋਂ ਅੱਜ ਪੂਰੇ ਸੂਬੇ ਵਿੱਚ ਜਿਲ੍ਹਾ ਹੈੱਡ ਕੁਆਟਰਾਂ ਦੇ ਵਿੱਤ ਮੰਤਰੀ ਦੇ ਅਰਥੀ ਫੂਕ ਮੁਜਾਹਰੇ ਕੀਤੇ ਗਏ। ਇਸ ਮੌਕੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨ ਸਿੰਘ, ਪੰਜਾਬ ਰਾਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੀਪਕ ਕੁਮਾਰ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਸ਼ਮੂਲੀਅਤ ਕਰਦਿਆਂ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰਦੇ ਰਹੇ ਹਨ ਪ੍ਰੰਤੂ ਹੁਣ ਹੱਕ ਮੰਗਦੇ ਜੁਝਾਰੂ ਕਰਮਚਾਰੀ ਐਂਟੀ ਸਟੇਟ ਦਿਖਣ ਲੱਗ ਪਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਜਦਕਿ ਮੁਲਾਜ਼ਮਾਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਗਿਣਤੀ ਨਾਲ ਵੋਟਾਂ ਪਾ ਕੇ ਜਿਤਾਇਆ ਗਿਆ, ਉੱਥੇ ਇਤਿਹਾਸ ਵਿੱਚ ਪਹਿਲੀ ਵਾਰ ਸਕੱਤਰੇਤ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਪ੍ਰੰਤੂ ਅੱਜ ਪੰਜਾਬ ਦਾ ਮੁਲਾਜ਼ਮ ਵਰਗ ਇਸ ਸਰਕਾਰ ਦੇ ਹੱਕ ਵਿੱਚ ਫ਼ਤਵਾ ਦੇ ਕੇ ਪਛਤਾ ਰਿਹਾ ਹੈ, ਕਿਉਂਕਿ ਸਰਕਾਰ ਬਿਲਕੁਲ ਹੀ ਮੁਲਾਜ਼ਮਾਂ ਦੇ ਵਿਰੁੱਧ ਹੋ ਚੁੱਥੀ ਹੈ, ਜਿਸਦੀ ਜਿਉਂਦੀ ਜਾਗਦੀ ਉਦਾਹਰਣ ਮਹਿੰਗਾਈ ਭੱਤੇ ਸਬੰਧੀ ਹਾਈ ਕੋਰਟ ਵਿੱਚ ਕੇਸ ਹਾਰਨ ਦੇ ਬਾਵਜੂਦ ਵੀ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਨਾ ਦੇਣਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਕੀਤੀ ਗਈ ਬੇਰੁਖੀ ਦਾ ਖਾਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵਿੱਚ ਭੁਗਤਣਾ ਪਵੇਗਾ। ਆਗੂਆਂ ਨੇ ਦੱਸਿਆ ਕਿ ਸਟੇਟ ਬਾਡੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਦਾ ਪੁਤਲਾ ਫੂਕਿਆ ਗਿਆ ਹੈ ਅਤੇ ਸਰਕਾਰ ਨੂੰ 15 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ, ਜੇਕਰ ਸਰਕਾਰ ਵੱਲੋਂ 15 ਅਗਸਤ ਤੱਕ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ 17 ਅਤੇ 18 ਅਗਸਤ ਨੂੰ ਮੁਕੰਮਲ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਕੀਤੀ ਜਾਵੇਗੀ।
ਇਸ ਤੋਂ ਇਲਾਵਾ 27 ਅਗਸਤ ਨੂੰ ਮਹਾਂਬੰਦ ਕਰਕੇ ਪੰਜਾਬ ਦੇ ਹਰੇਕ ਵਿਭਾਗ ਜਿਵੇਂ ਰੋਡਵੇਜ਼, ਜਲ ਸਪਲਾਈ, ਸਿੱਖਿਆ ਵਿਭਾਗ, ਸਿਹਤ ਵਿਭਾਗ, ਪੰਚਾਇਤ ਵਿਭਾਗ, ਨਹਿਰੀ ਵਿਭਾਗ, ਡੀ.ਸੀ. ਦਫ਼ਤਰ, ਆਬਕਾਰੀ ਵਿਭਾਗ, ਐਸ.ਡੀ.ਐਮ. ਦਫ਼ਤਰ, ਤਹਿਸੀਲ ਦਫ਼ਤਰ ਅਤੇ ਹੋਰ ਸਮੁੱਚੇ ਵਿਭਾਗਾਂ ਵਿੱਚ ਮੁਕੰਮਲ ਕੰਮ ਬੰਦ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤਪਾਲ ਰੀਡਰ, ਬਲਰਾਜ ਰੀਡਰ, ਰਾਜੇਸ਼ ਕਪੂਰ, ਸਰਬਜੀਤ ਸਿੰਘ, ਲਵਪ੍ਰੀਤ ਸਿੰਘ, ਜਗਪ੍ਰੀਤ ਸਟੈਨੋ, ਸੁਖਜਿੰਦਰ ਸਿੰਘ, ਪਰਮਜੀਤ ਸਿੰਘ, ਓਮਪਾਲ, ਅਮਨਦੀਪ ਪਾਲ, ਗਗਨਦੀਪ ਸਿੰਘ, ਜਸਵੀਰ ਕੌਰ, ਰੁਪਾਲੀ, ਸੁਖਪਾਲ ਕੌਰ, ਸਿੱਖਿਆ ਵਿਭਾਗ ਤੋਂ ਸੰਦੀਪ ਬੱਤਰਾ, ਟਰਾਂਸਪੋਰਟ ਵਿਭਾਗ ਤੋਂ ਗੁਰਮੀਤ ਸਿੰਘ, ਬੀ.ਐਂਡ.ਆਰ. ਤੋਂ ਪਰਮਦੀਪ ਸਿੰਘ, ਪੰਚਾਇਤੀ ਰਾਜ ਵਿਭਾਗ ਤੋਂ ਜਸਪ੍ਰੀਤ ਸਿੰਘ, ਜਲ ਸਪਲਾਈ ਵਿਭਾਗ ਤੋਂ ਬਿਕਰਮ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੋਂ ਬਲਜਿੰਦਰ ਸਿੰਘ, ਪਸ਼ੂ ਪਾਲਣ ਵਿਭਾਗ ਤੋਂ ਬਲਜਿੰਦਰ ਸਿੰਘ, ਫੂਡ ਸਪਲਾਈ ਵਿਭਾਗ ਤੋਂ ਸੁਰਿੰਦਰ ਸਿੰਘ, ਸਿੰਚਾਈ ਵਿਭਾਗ ਤੋਂ ਵੀਰ ਚੰਦ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।



