ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 27 ਅਗਸਤ ਤੋਂ

Top Trending News ਹਰਿਆਣਾ
  • ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 27 ਅਗਸਤ ਤੋਂ
  • ਹਰਿਆਣਾ ਵਿੱਚ ਪਾਰਦਰਸ਼ੀ ਵਿਵਸਥਾ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਖਿਡਾਰੀਆਂ ਨੂੰ ਮਿਲ ਰਿਹਾ ਹੱਲਾਸ਼ੇਰੀ – ਮੁੱਖ ਮੰਤਰੀ
  • ਮੁੱਖ ਮੰਤਰੀ ਨੇ ਕਿਹਾ ਜੌਬ ਸਕਿਉਰਟੀ ਮੇਰੀ ਗਰੰਟੀ
  • ਜਨਹਿਤ ਦੇ ਫੈਸਲਿਆਂ ਅਤੇ ਵਿਕਾਸ ਕਾਰਜਾਂ ਨਾਲ ਹਰਿਆਣਾ ਨੂੰ ਅੱਗੇ ਵਧਾ ਰਹੀ ਸਰਕਾਰ

ਚੰਡੀਗੜ੍ਹ, 13 ਅਗਸਤ (ਦੇਸ਼ ਕਲਿੱਕ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਸਰਕਾਰ ਵੱਲੋਂ ਲਏ ਗਏ ਮਹੱਤਵਪੂਰਨ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੁੱਲ 12 ਏਜੰਡੇ ਰੱਖੇ ਗਏ, ਜਿਨ੍ਹਾਂ ਨੂੰ ਸਰਵਸੰਮਤੀ ਨਾਲ ਮਨਜ਼ੂਰੀ ਪ੍ਰਦਾਨ ਕੀਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 27 ਅਗਸਤ ਤੋਂ ਸ਼ੁਰੂ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕੋਚਿੰਗ ਸੈਂਟਰਾਂ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਦੀ ਸਰਵਉੱਚ ਤਰਜੀਹ ਹੈ। ਹਾਲ ਹੀ ਵਿੱਚ ਸਾਹਮਣੇ ਆਏ ਘਟਨਾਕ੍ਰਮਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਚਿੰਗ ਸੈਂਟਰਾਂ ਲਈ ਇੱਕ ਪ੍ਰਭਾਵੀ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨੀਤੀ ਤਹਿਤ ਕੋਚਿੰਗ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਪੀਣ ਦੇ ਪਾਣੀ, ਅੱਗ ਸੁਰੱਖਿਆ, ਬੈਠਣ ਦੀ ਲੋੜੀਂਦੀ ਵਿਵਸਥਾ ਅਤੇ ਹੋਰ ਲੋੜੀਂਦੇ ਸੁਰੱਖਿਆ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੰਸਥਾਨਾਂ ਵਿਰੁੱਧ ਕਾਰਵਾਈ ਦੇ ਵੀ ਉਪਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਬਿਹਤਰ ਵਾਤਾਵਰਣ ਉਪਲਬਧ ਕਰਵਾਉਣਾ ਹੈ।

ਮਹਾਰਾਸ਼ਟਰ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਘਟਨਾ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਗੁਰੂਘਰ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਹੋਰ ਵੀ ਬਦਕਿਸਮਤੀ ਵਾਲੀ ਗੱਲ ਹੈ, ਕਿਉਂਕਿ ਗੁਰੂਘਰ ਸਾਰੇ ਸਮਾਜਾਂ ਅਤੇ ਸਾਰੇ ਲੋਕਾਂ ਲਈ ਖੁੱਲ੍ਹੇ ਹੁੰਦੇ ਹਨ। ਅਜਿਹੇ ਸਥਾਨਾਂ ‘ਤੇ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਕਾਂਗਰਸ ਦੇ ਪ੍ਰਦਰਸ਼ਨ ‘ਤੇ ਮੁੱਖ ਮੰਤਰੀ ਦਾ ਪਲਟਵਾਰ

ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਕਾਂਗਰਸ ਨੂੰ ਆਪਣੇ ਗਿਰੇਬਾਨ ਵਿੱਚ ਵੀ ਝਾਤੀ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਕਰਮਚਾਰੀਆਂ ਅਤੇ ਨੌਜਵਾਨਾਂ ਦੇ ਹਿੱਤਾਂ ਦੀ ਸਥਿਤੀ ਕੀ ਸੀ, ਇਹ ਸੂਬੇ ਦੀ ਜਨਤਾ ਚੰਗੀ ਤਰ੍ਹਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਰਮਚਾਰੀਆਂ ਦੇ ਹਿੱਤ ਵਿੱਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਲਗਭਗ 1.20 ਲੱਖ ਮੁਲਾਜ਼ਮਾਂ ਨੂੰ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਰਾਹੀਂ ਨੌਕਰੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਅਤੇ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਜੌਬ ਸਕਿਉਰਟੀ ਦੀ ਦਿਸ਼ਾ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਉਹ ਜਨਤਾ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਲਗਾਤਾਰ ਭਰਮਾਊ ਗੱਲਾਂ ਫੈਲਾਉਣ ਦਾ ਯਤਨ ਕੀਤਾ ਜਾਂਦਾ ਹੈ, ਪਰ ਸੂਬੇ ਦੀ ਜਨਤਾ ਸਰਕਾਰ ਦੇ ਕੰਮਕਾਜ ਤੋਂ ਖੁਸ਼ ਹੈ।

ਨੌਜਵਾਨਾਂ ਅਤੇ ਰੋਜ਼ਗਾਰ ਲਈ ਸਰਕਾਰ ਦੀ ਵਚਨਬੱਧਤਾ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਨੌਜਵਾਨਾਂ ਲਈ ਲੋੜੀਂਦਾ ਕੰਮ ਨਹੀਂ ਕੀਤਾ, ਜਦੋਂ ਕਿ ਮੌਜੂਦਾ ਸਰਕਾਰ ਹਰੇਕ ਵਿਅਕਤੀ ਅਤੇ ਖਾਸ ਕਰਕੇ ਨੌਜਵਾਨਾਂ ਦੇ ਹਿੱਤਾਂ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਰਦਰਸ਼ੀ ਵਿਵਸਥਾ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਹਨ ਅਤੇ ਕਿਸੇ ਵੀ ਨੌਜਵਾਨ ਨੂੰ ਨੌਕਰੀ ਲਈ ਕਿਸੇ ਦੇ ਦਰਵਾਜ਼ੇ ‘ਤੇ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਨੌਜਵਾਨਾਂ ਨੂੰ ਸਿੱਖਿਆ, ਹੁਨਰ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਮਿਲਣ ਤਥਾ ਸੂਬੇ ਵਿੱਚ ਉਦਯੋਗਾਂ ਦੇ ਵਿਸਤਾਰ ਰਾਹੀਂ ਰੋਜ਼ਗਾਰ ਦੇ ਨਵੇਂ ਸਾਧਨ ਤਿਆਰ ਹੋਣ।

ਗੁਰੂਗ੍ਰਾਮ ਵਿੱਚ ਜਲ-ਭਰਾਅ ਦੇ ਸੰਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਮੀਂਹ ਬਹੁਤ ਜ਼ਿਆਦਾ ਪਿਆ ਹੈ, ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ ਕਿ ਜਲ-ਭਰਾਅ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਪਹਿਲਾਂ ਦੀ ਤੁਲਨਾ ਵਿੱਚ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਪ੍ਰਸ਼ਾਸਨ ਨੇ ਪਾਣੀ ਦੀ ਨਿਕਾਸੀ ਲਈ ਪ੍ਰਭਾਵੀ ਕਦਮ ਚੁੱਕੇ ਹਨ। ਸਰਕਾਰ ਦਾ ਯਤਨ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।

ਕਾਨੂੰਨ-ਵਿਵਸਥਾ ‘ਤੇ ਸਖ਼ਤ ਨਿਰਦੇਸ਼

ਸੂਬੇ ਵਿੱਚ ਅਪਰਾਧ ਦੀਆਂ ਘਟਨਾਵਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧੀਆਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਦਾ ਡਰ ਅਪਰਾਧੀਆਂ ਵਿੱਚ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ-ਵਿਵਸਥਾ ਨੂੰ ਦਰੁਸਤ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਹਰੇਕ ਸ਼ਿਕਾਇਤ ‘ਤੇ ਕਾਰਵਾਈ ਹੋਵੇ ਤਥਾ ਲੋੜਵੰਦ ਲੋਕਾਂ ਦੀ ਐਫ.ਆਈ.ਆਰ. ਦਰਜ ਕਰਨ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।

ਖਿਡਾਰੀਆਂ ਨੂੰ ਮਿਲ ਰਹੀਆਂ ਬਿਹਤਰ ਸਹੂਲਤਾਂ ਅਤੇ ਰੋਜ਼ਗਾਰ

ਸੂਬੇ ਦੇ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਖੇਡਾਂ ਦੇ ਖੇਤਰ ਵਿੱਚ ਪਾਰਦਰਸ਼ੀ ਅਤੇ ਪ੍ਰਭਾਵੀ ਵਿਵਸਥਾ ਤਿਆਰ ਕੀਤੀ ਹੈ। ਖਿਡਾਰੀਆਂ ਨੂੰ ਬਿਹਤਰ ਸਿਖਲਾਈ, ਸਹੂਲਤਾਂ ਅਤੇ ਹੱਲਾਸ਼ੇਰੀ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਡ ਪ੍ਰਤਿਭਾਵਾਂ ਨੂੰ ਨਰਸਰੀ ਪੱਧਰ ਤੋਂ ਹੀ ਤਿਆਰ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਬੱਚੇ ਖੇਡ ਨਰਸਰੀਆਂ ਵਿੱਚੋਂ ਨਿਕਲ ਕੇ ਖੇਡ ਮੈਦਾਨਾਂ ਤੱਕ ਪਹੁੰਚ ਰਹੇ ਹਨ ਅਤੇ ਸੂਬੇ ਲਈ ਤਗਮੇ ਜਿੱਤ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਸੂਬੇ ਦੇ ਸਟੇਡੀਅਮਾਂ ਅਤੇ ਖੇਡ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰ ਕੀਤਾ ਗਿਆ ਹੈ। ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਬਿਹਤਰ ਮੌਕੇ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਵੀ ਖੇਡਾਂ ਨੂੰ ਹੱਲਾਸ਼ੇਰੀ ਮਿਲੀ ਹੈ। ਹਰਿਆਣਾ ਸਰਕਾਰ ਨੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਤਗਮਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਨ੍ਹਾਂ ਦਾ ਸਨਮਾਨ ਯਕੀਨੀ ਬਣਾਇਆ ਹੈ।

ਇਸ ਮੌਕੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ. ਮਕਰੰਦ ਪਾਂਡੁਰੰਗ, ਨਿਦੇਸ਼ਕ ਡਾ. ਆਦਿਤਿਆ ਦਹੀਆ, ਵਧੀਕ ਨਿਦੇਸ਼ਕ ਕੈਪਟਨ ਮਨੀਸ਼ ਕੁਮਾਰ ਲੋਹਾਨ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਨ ਅਤਰੇ ਮੌਜੂਦ ਸਨ।