ਪੰਜਾਬ ‘ਚ SIR ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ, 20.66 ਲੱਖ ਵੋਟਰਾਂ ਦੇ ਨਾਮ ਹੋਣਗੇ ਬਾਹਰ

Top Trending News ਪੰਜਾਬ

 

ਪੰਜਾਬ ‘ਚ SIR ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ, 20.66 ਲੱਖ ਵੋਟਰਾਂ ਦੇ ਨਾਮ ਹੋਣਗੇ ਬਾਹਰ

ਚੰਡੀਗੜ੍ਹ, 13 ਅਗਸਤ 2026: ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਤਹਿਤ ਵੋਟਰ ਸੂਚੀ ਦਾ ਖਰੜਾ ਅੱਜ, 13 ਅਗਸਤ ਨੂੰ ਜਾਰੀ ਕੀਤਾ ਜਾਵੇਗਾ। ਇਸ ਖਰੜੇ ਵਿੱਚ ਗਣਨਾ ਫਾਰਮ ਨਾ ਭਰਨ ਵਾਲੇ ਕਰੀਬ 20.66 ਲੱਖ ਵੋਟਰਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾਣਗੇ।

ਚੋਣ ਵਿਭਾਗ ਅਨੁਸਾਰ ਇਨ੍ਹਾਂ 20.66 ਲੱਖ ਵੋਟਰਾਂ ਵਿੱਚੋਂ 5.74 ਲੱਖ ਦੀ ਮੌਤ ਹੋ ਚੁੱਕੀ ਹੈ, ਜਦਕਿ 1.19 ਲੱਖ ਵੋਟਰਾਂ ਦੀਆਂ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਹਨ। ਇਸ ਤੋਂ ਇਲਾਵਾ 9.44 ਲੱਖ ਵੋਟਰ ਆਪਣਾ ਪਤਾ ਬਦਲ ਕੇ ਹੋਰ ਥਾਵਾਂ ’ਤੇ ਚਲੇ ਗਏ ਹਨ। ਕਰੀਬ 4.12 ਲੱਖ ਵੋਟਰਾਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਅਧਿਕਾਰੀਆਂ ਮੁਤਾਬਕ ਇਨ੍ਹਾਂ ਵੋਟਰਾਂ ਦੇ ਘਰਾਂ ਦੇ ਕਈ ਵਾਰ ਦੌਰੇ ਕੀਤੇ ਗਏ ਅਤੇ ਗਣਨਾ ਫਾਰਮ ਭਰਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਬਾਵਜੂਦ ਫਾਰਮ ਨਾ ਭਰੇ ਜਾਣ ਕਾਰਨ ਇਨ੍ਹਾਂ ਦੇ ਨਾਮ ਖਰੜਾ ਸੂਚੀ ਵਿੱਚੋਂ ਹਟਾਏ ਜਾ ਰਹੇ ਹਨ।

ਖਰੜਾ ਜਾਰੀ ਹੋਣ ਤੋਂ ਬਾਅਦ ਵੋਟਰ 12 ਸਤੰਬਰ ਤੱਕ ਆਪਣੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾ ਸਕਣਗੇ। ਚੋਣ ਅਧਿਕਾਰੀ ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਕਰਨ ਤੋਂ ਬਾਅਦ 12 ਅਕਤੂਬਰ ਨੂੰ ਪੰਜਾਬ ਦੀ ਅੰਤਿਮ ਵੋਟਰ ਸੂਚੀ ਜਾਰੀ ਕਰਨਗੇ।

ਜੂਨ 2026 ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋਣ ਸਮੇਂ ਪੰਜਾਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ ਕਰੀਬ 2.14 ਕਰੋੜ ਸੀ, ਜੋ ਖਰੜਾ ਸੂਚੀ ਵਿੱਚ ਘਟ ਕੇ ਲਗਭਗ 1.93 ਕਰੋੜ ਰਹਿ ਜਾਵੇਗੀ।