- ਵੰਡ ਦਾ ਦਰਦ ਕਦੇ ਭੁਲਾਇਆ ਨਹੀਂ ਜਾ ਸਕਦਾ : ਕੇਵਲ ਢਿੱਲੋਂ
- “ਵੰਡ ਸੰਤਾਪ ਯਾਦਗਾਰੀ ਦਿਵਸ” ਮੌਕੇ ਪੰਜਾਬ ਭਾਜਪਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜਲੰਧਰ ਵਿੱਚ ਕੱਢੀ ਮੌਨ ਯਾਤਰਾ
ਜਲੰਧਰ/ਚੰਡੀਗੜ੍ਹ, 14 ਅਗਸਤ (ਦੇਸ਼ ਕਲਿੱਕ ਬਿਊਰੋ): ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅੱਜ “ਵੰਡ ਸੰਤਾਪ ਯਾਦਗਾਰੀ ਦਿਵਸ” ਮੌਕੇ ਭਗਵਾਨ ਸ੍ਰੀ ਰਾਮ ਚੌਂਕ ਤੋਂ ਲੈ ਕੇ ਭਗਵਾਨ ਬਾਲਮੀਕਿ ਚੌਂਕ ਤੱਕ ਮੌਨ ਯਾਤਰਾ ਕੱਢ ਕੇ 1947 ਦੀ ਵੰਡ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਅਤੇ ਘਰ-ਬਾਰ ਛੱਡਣ ਲਈ ਮਜਬੂਰ ਹੋਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਵੰਡ ਵੇਲੇ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਪਰ ਇਸ ਦਾ ਸਭ ਤੋਂ ਵੱਡਾ ਦਰਦ ਪੰਜਾਬ ਅਤੇ ਪੰਜਾਬੀਆਂ ਨੇ ਹੰਢਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦੋ ਟੁੱਕੜਿਆਂ ਵਿੱਚ ਵੰਡੀ ਗਈ, ਹਜ਼ਾਰਾਂ ਪੰਜਾਬੀ ਪਰਿਵਾਰ ਉੱਜੜ ਗਏ, ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ ਅਤੇ ਆਪਣਿਆਂ ਨੂੰ ਪਿੱਛੇ ਛੱਡ ਕੇ ਆਉਣਾ ਪਿਆ। ਸ਼ਾਇਦ ਹੀ ਕੋਈ ਪੰਜਾਬੀ ਪਰਿਵਾਰ ਹੋਵੇਗਾ ਜਿਸ ਨੇ ਵੰਡ ਦਾ ਦਰਦ ਨਾ ਹੰਢਾਇਆ ਹੋਵੇ, ਇਹ ਜ਼ਖ਼ਮ ਅੱਜ ਵੀ ਪੰਜਾਬ ਦੀ ਸਾਂਝੀ ਯਾਦ ਵਿੱਚ ਜਿਉਂਦਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵੰਡ ਦਾ ਦਰਦ ਭਾਰਤ ਮਾਤਾ ਦੇ ਸੀਨੇ ‘ਤੇ ਲੱਗਾ ਉਹ ਜ਼ਖ਼ਮ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ 14 ਅਗਸਤ ਨੂੰ “ਵੰਡ ਸੰਤਾਪ ਯਾਦਗਾਰੀ ਦਿਵਸ” ਵਜੋਂ ਐਲਾਨ ਕੇ ਉਨ੍ਹਾਂ ਅਣਗਿਣਤ ਸ਼ਹੀਦਾਂ ਅਤੇ ਪੀੜਤਾਂ ਨੂੰ ਸਨਮਾਨ ਦਿੱਤਾ ਹੈ, ਜਿਨ੍ਹਾਂ ਦੇ ਤਿਆਗ ਅਤੇ ਸੰਘਰਸ਼ ਨੂੰ ਦਹਾਕਿਆਂ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਬਣਦਾ ਸਥਾਨ ਨਹੀਂ ਮਿਲਿਆ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੰਡ ਦੇ ਸੰਤਾਪ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਮੁੜ ਕਦੇ ਸਿਰ ਚੁੱਕਣ ਦਾ ਮੌਕਾ ਨਾ ਮਿਲੇ।
ਉਹਨਾਂ ਕਿਹਾ ਕਿ ਇਸ ਵੰਡ ਕਾਰਨ ਸਾਡੇ ਅਨੇਕਾਂ ਗੁਰੂਦਵਾਰੇ ਅਤੇ ਮੰਦਰ ਤੱਕ ਪਾਕਿਸਤਾਨ ਵਿੱਚ ਰਹਿ ਗਏ, ਜਿਸਦੀ ਸੇਵਾ ਸੰਭਾਲ ਤੇ ਦਰਸ਼ਨ ਲਈ ਕਈ ਦਹਾਕਿਆਂ ਤੋਂ ਇੱਛਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਾ ਕੇ ਸਾਡੀ ਇੱਕ ਮੰਗ ਪੂਰਾ ਕੀਤਾ ਹੈ।
ਇਸ ਮੌਕੇ ਪੰਜਾਬ ਪ੍ਰਭਾਰੀ ਨਰਿੰਦਰ ਰੈਣਾ, ਇਸ ਮੌਕੇ ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸੁਸ਼ੀਲ ਰਿੰਕੂ, ਸੀਤਲ ਅੰਗੂਰਾਲ, ਕਰਮਜੀਤ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਕਾਰਜਕਰਤਾ ਹਾਜ਼ਰ ਸਨ।




