ਪੈਟਰੋਲ-ਡੀਜ਼ਲ ਤੇ ATF ਦੇ ਨਿਰਯਾਤ ‘ਤੇ ਵਿੰਡਫਾਲ ਟੈਕਸ ਘਟਿਆ, ਨਵੀਆਂ ਦਰਾਂ ਅੱਜ ਤੋਂ ਲਾਗੂ
ਨਵੀਂ ਦਿੱਲੀ, 15 ਅਗਸਤ 2026
ਭਾਰਤ ਸਰਕਾਰ ਨੇ ਆਜ਼ਾਦੀ ਦਿਵਸ ਦੀ ਅੱਧੀ ਰਾਤ ਨੂੰ ਪੈਟਰੋਲ, ਡੀਜ਼ਲ ਅਤੇ ਹਵਾਈ ਜਹਾਜ਼ ਦੇ ਬਾਲਣ (ATF) ਦੇ ਨਿਰਯਾਤ ‘ਤੇ ਲੱਗਣ ਵਾਲੇ ਵਿੰਡਫਾਲ ਟੈਕਸ ਵਿੱਚ ਕਟੌਤੀ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਜਾਰੀ ਅਧਿਕਾਰਤ ਹੁਕਮ ਮੁਤਾਬਕ ਨਵੀਆਂ ਦਰਾਂ ਸ਼ਨੀਵਾਰ ਤੋਂ ਲਾਗੂ ਹੋ ਜਾਣਗੀਆਂ।
ਹੁਕਮ ਅਨੁਸਾਰ ਡੀਜ਼ਲ ਦੀ ਬਰਾਮਦ ‘ਤੇ ਡਿਊਟੀ 25.5 ਰੁਪਏ ਤੋਂ ਘਟਾ ਕੇ 24 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੈਟਰੋਲ ‘ਤੇ ਨਿਰਯਾਤ ਡਿਊਟੀ 3.5 ਰੁਪਏ ਤੋਂ ਘਟਾ ਕੇ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤੀ ਗਈ ਹੈ। ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਵਿੰਡਫਾਲ ਟੈਕਸ ਵੀ 22 ਰੁਪਏ ਤੋਂ ਘਟਾ ਕੇ 19.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।
ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਤੇਲ ਕੰਪਨੀਆਂ ਨੂੰ ਹੋਣ ਵਾਲੇ ਅਸਾਧਾਰਨ ਮੁਨਾਫ਼ੇ ‘ਤੇ ਕਾਬੂ ਪਾਉਣ ਲਈ ਪਹਿਲੀ ਵਾਰ ਜੁਲਾਈ 2022 ਵਿੱਚ ਵਿੰਡਫਾਲ ਟੈਕਸ ਲਾਗੂ ਕੀਤਾ ਸੀ। ਇਸ ਨੂੰ ਲਗਭਗ ਦੋ ਸਾਲ ਬਾਅਦ ਹਟਾ ਦਿੱਤਾ ਗਿਆ ਸੀ। ਹਾਲਾਂਕਿ, 2026 ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਕਾਰਨ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਮਾਰਚ ਵਿੱਚ ਇਸ ਨੂੰ ਮੁੜ ਲਾਗੂ ਕੀਤਾ ਗਿਆ।
ਕੇਂਦਰ ਸਰਕਾਰ ਹੁਣ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੌਮਾਂਤਰੀ ਕੀਮਤਾਂ ਦੇ ਆਧਾਰ ‘ਤੇ ਹਰ 15 ਦਿਨਾਂ ਬਾਅਦ ਨਿਰਯਾਤ ਡਿਊਟੀ ਦੀ ਸਮੀਖਿਆ ਕਰਦੀ ਹੈ ਅਤੇ ਲੋੜ ਮੁਤਾਬਕ ਦਰਾਂ ਵਿੱਚ ਬਦਲਾਅ ਕਰਦੀ ਹੈ।




