ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ‘ਤੇ ਨਸ਼ਾ ਵੇਚਣ ਵਾਲਿਆਂ ਨੂੰ ਕਰਾਂਗੇ ਬਾਹਰ – CM ਨਾਇਬ ਸੈਣੀ

Top Trending News ਹਰਿਆਣਾ ਪੰਜਾਬ

  • ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ‘ਤੇ ਨਸ਼ਾ ਵੇਚਣ ਵਾਲਿਆਂ ਨੂੰ ਕਰਾਂਗੇ ਬਾਹਰ – CM ਨਾਇਬ ਸੈਣੀ
  • ਨਸ਼ੇ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਨੂੰ ਵੀ ਨਸ਼ਾ ਛੁਡਵਾਵਾਂਗੇ
  • ਪੰਜਾਬ ਦੇ ਅੰਮ੍ਰਿਤਸਰ ਦੇ ਰਾਮਪੁਰਾ ਵਿੱਚ ਮੀਡੀਆ ਦੇ ਸਵਾਲਾਂ ਦਾ ਦਿੱਤਾ ਜਵਾਬ

ਚੰਡੀਗੜ੍ਹ, 16 ਅਗਸਤ (ਦੇਸ਼ ਕਲਿੱਕ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਾ ਵੇਚਣ ਵਾਲਿਆਂ ਨੂੰ ਰਾਜ ਤੋਂ ਬਾਹਰ ਖਦੇੜ ਦਿੱਤਾ ਜਾਵੇਗਾ, ਨਾਲ ਹੀ ਜੋ ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿੱਚ ਫਸੇ ਹੋਏ ਹਨ ਉਨ੍ਹਾਂ ਦਾ ਨਸ਼ਾ ਛੁਡਵਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਜਾਵੇਗਾ। ਇੰਨਾ ਹੀ ਨਹੀਂ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਨੂੰ ਖ਼ਤਮ ਕਰਕੇ ਸਾਫ਼-ਸੁਥਰਾ ਪ੍ਰਸ਼ਾਸਨ ਦੇਵਾਂਗੇ। ਸੈਣੀ ਅੱਜ ਪੰਜਾਬ ਦੇ ਅੰਮ੍ਰਿਤਸਰ ਦੇ ਰਾਮਪੁਰਾ ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਪੰਜਾਬ ਦੀ “ਆਪ ਸਰਕਾਰ” ‘ਤੇ ਚੋਣ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਅਤੇ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਿਛਲੇ ਵਿਧਾਨ ਸਭਾ ਚੋਣ ਦੌਰਾਨ ਰਾਜ ਵਿੱਚ ਇਮਾਨਦਾਰ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਸਰਕਾਰ ਤਾਂ ਪਹਿਲਾਂ ਦੀ ਕਾਂਗਰਸ ਸਰਕਾਰ ਨਾਲੋਂ ਵੀ ਜ਼ਿਆਦਾ ਵੱਡੀ ਭ੍ਰਿਸ਼ਟਾਚਾਰੀ ਨਿਕਲੀ। ਪਿਛਲੇ ਦਿਨੀਂ ਇੱਕ ਟਾਵਰ ਤੋਂ ਨੋਟ ਉੱਡੇ ਸਨ, ਸਭ ਲੋਕ ਜਾਣਦੇ ਹਨ, ਇਹ ਕਿੱਥੋਂ ਆਏ?

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਆਪ-ਪਾਰਟੀ ਦੇ ਐਮ.ਐਲ.ਏ. ਅਤੇ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਇਰਦ-ਗਿਰਦ ਵਾਲੇ ਹੀ ਨੌਕਰੀ ਪਾ ਰਹੇ ਹਨ, ਰਾਜ ਦਾ ਮਿਹਨਤੀ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।

ਨਾਇਬ ਸਿੰਘ ਸੈਣੀ ਨੇ ਪਿਛਲੇ ਦਿਨੀਂ ਸਿਹਤ ਵਿਭਾਗ ਵਿੱਚ ਅਸਾਮੀਆਂ ਦੀ ਨਿਕਲੀ ਭਰਤੀ ਲਿਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਕੋਰਟ ਦੇ ਸਾਹਮਣੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਨਹੀਂ ਮਹਿਲਾ ਅਤੇ ਕਰਮਚਾਰੀ ਵਰਗ ਵੀ ਰਾਜ ਸਰਕਾਰ ਤੋਂ ਪਰੇਸ਼ਾਨ ਹੈ। ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਉਨ੍ਹਾਂ ਦਾ ਡੀ.ਏ. ਨਹੀਂ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਤਨਖਾਹ ਵੀ ਦੇਰੀ ਨਾਲ ਮਿਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਜਿੱਥੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾ ਰਿਹਾ ਹੈ, ਉੱਥੇ ਪੰਜਾਬ ਵਿੱਚ ਕਿੰਨੇ ਕਾਲਜ ਖੋਲ੍ਹੇ ਹਨ ਪੰਜਾਬ ਦੇ ਮੁੱਖ ਮੰਤਰੀ ਇਸਦਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਵਿਸ਼ਵਾਸ ਜਤਾਉਂਦੇ ਹੋਏ ਪੰਜਾਬ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣਗੇ ਤਾਂ ਹਰਿਆਣਾ ਦੀਆਂ ਸਾਰੀਆਂ ਭਲਾਈ ਨੀਤੀਆਂ ਨੂੰ ਪੰਜਾਬ ਵਿੱਚ ਵੀ ਲਾਗੂ ਕਰਨਗੇ।