MRSPTU ਵੱਲੋਂ ਦੇਸ਼-ਭਗਤੀ ਦੇ ਜਜ਼ਬੇ ਅਤੇ ਨੌਜਵਾਨ-ਕੇਂਦਰਿਤ ਦ੍ਰਿਸ਼ਟੀਕੋਣ ਨਾਲ 80ਵਾਂ ਆਜ਼ਾਦੀ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ

Top Trending News ਪੰਜਾਬ

  • MRSPTU ਵੱਲੋਂ ਦੇਸ਼-ਭਗਤੀ ਦੇ ਜਜ਼ਬੇ ਅਤੇ ਨੌਜਵਾਨ-ਕੇਂਦਰਿਤ ਦ੍ਰਿਸ਼ਟੀਕੋਣ ਨਾਲ 80ਵਾਂ ਆਜ਼ਾਦੀ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ

ਬਠਿੰਡਾ, 16 ਅਗਸਤ (ਦੇਸ਼ ਕਲਿੱਕ ਬਿਊਰੋ): ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (MRSPTU), ਬਠਿੰਡਾ ਵੱਲੋਂ ਯੂਨੀਵਰਸਿਟੀ ਦੇ ਐਥਲੈਟਿਕ ਗਰਾਊਂਡ ਵਿਖੇ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼ਭਗਤੀ ਅਤੇ ਜੋਸ਼ ਨਾਲ ਮਨਾਇਆ ਗਿਆ।

ਇਸ ਮੌਕੇ ਯੂਨੀਵਰਸਿਟੀ ਨੇ ਰਾਸ਼ਟਰ ਨਿਰਮਾਣ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦ੍ਰਿੜ੍ਹ ਕੀਤਾ।

“ਵਿਕਸਿਤ ਭਾਰਤ@2047 ਲਈ ਯੁਵਾ ਸ਼ਕਤੀ” ਦੇ ਥੀਮ ਤਹਿਤ ਆਯੋਜਿਤ ਸਮਾਗਮ ਦੌਰਾਨ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਦੇਸ਼ ਨੂੰ ਵਿਕਸਿਤ, ਆਤਮਨਿਰਭਰ ਅਤੇ ਤਰੱਕੀਸ਼ੀਲ ਬਣਾਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਮੁੱਖ ਮਹਿਮਾਨ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਉਪਰੰਤ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ।

ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਪ੍ਰੋ. ਸ਼ਰਮਾ ਨੇ “ਵੰਦੇ ਮਾਤਰਮ, ਜੈ ਹਿੰਦ ਅਤੇ ਸਤਿ ਸ੍ਰੀ ਅਕਾਲ” ਦੇ ਜੋਸ਼ੀਲੇ ਨਾਅਰਿਆਂ ਨਾਲ ਸਮਾਗਮ ਵਿੱਚ ਦੇਸ਼ਭਗਤੀ ਦਾ ਜਜ਼ਬਾ ਭਰ ਦਿੱਤਾ।

ਪ੍ਰੋ. ਸ਼ਰਮਾ ਨੇ ਦੇਸ਼ ਦੀ ਆਜ਼ਾਦੀ ਲਈ ਸਰਵਉੱਚ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਨਾਮ ਨਾਲ ਜੁੜੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੌਰਵਮਈ ਵਿਰਾਸਤ ਨੂੰ ਵੀ ਯਾਦ ਕਰਦਿਆਂ ਹਿੰਮਤ, ਏਕਤਾ, ਅਗਵਾਈ ਅਤੇ ਸੇਵਾ ਦੀਆਂ ਸਦੀਵੀ ਕਦਰਾਂ-ਕੀਮਤਾਂ ’ਤੇ ਜ਼ੋਰ ਦਿੱਤਾ।

ਵਿਦਿਆਰਥੀਆਂ ਨੂੰ ਵਿਕਸਿਤ ਭਾਰਤ@2047 ਦੇ ਨਿਰਮਾਣ ਵਿੱਚ ਸਰਗਰਮ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਪ੍ਰੋ. ਸ਼ਰਮਾ ਨੇ ਕਿਹਾ ਕਿ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਭਾਰਤ ਦੀ ਤਰੱਕੀ ਨੂੰ ਤੇਜ਼ ਕਰਨ ਲਈ ਨਵੀਨਤਾ , ਖੋਜ , ਉੱਦਮਤਾ, ਤਕਨਾਲੋਜੀ ਅਤੇ ਤਰੱਕੀਸ਼ੀਲ ਸੋਚ ਬੇਹੱਦ ਮਹੱਤਵਪੂਰਨ ਹੋਵੇਗੀ।

ਐਮ.ਆਰ.ਐਸ.ਪੀ.ਟੀ.ਯੂ. ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਈ ਯੂਨੀਵਰਸਿਟੀ ਕਨਵੋਕੇਸ਼ਨ ਦੌਰਾਨ 78 ਫ਼ੀਸਦੀ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਲੜਕੀਆਂ ਸਨ, ਜੋ ਉੱਚ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥਣਾਂ ਦੀ ਵਧ ਰਹੀ ਉਪਲਬਧੀ ਦਾ ਪ੍ਰਤੀਕ ਹੈ। ਉਨ੍ਹਾਂ ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ MRSPTU ਅਤੇ ਇਸ ਦੇ ਕਾਂਸਟੀਚੂਐਂਟ ਕਾਲਜਾਂ ਵਿੱਚ ਦਾਖਲਿਆਂ ਵਿੱਚ ਹੋਏ ਮਹੱਤਵਪੂਰਨ ਵਾਧੇ ਅਤੇ ਐਫੀਲੀਏਟਿਡ ਕਾਲਜਾਂ ਦੀ ਵਧ ਰਹੀ ਗਿਣਤੀ ’ਤੇ ਵੀ ਤਸੱਲੀ ਪ੍ਰਗਟ ਕੀਤੀ।

ਯੂਨੀਵਰਸਿਟੀ ਦੇ ਭਵਿੱਖੀ ਵਿਕਾਸ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਪ੍ਰੋ. ਸ਼ਰਮਾ ਨੇ ਦੱਸਿਆ ਕਿ ਦਾਨੀ ਸੱਜਣਾਂ ਅਤੇ ਪਰਉਪਕਾਰੀ ਸੰਸਥਾਵਾਂ ਦੇ ਸਹਿਯੋਗ। ਸੈਂਟਰ ਆਫ ਐਕਸਲੈਂਸ ਸਥਾਪਿਤ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਅਧਿਆਪਨ, ਖੋਜ ਅਤੇ ਅਕਾਦਮਿਕ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ ਹੋਰ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾਵੇਗੀ।

ਸਮਾਗਮ ਦੌਰਾਨ NCC ਕੈਡਿਟਾਂ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਸ਼ਾਨਦਾਰ ਅਤੇ ਅਨੁਸ਼ਾਸਿਤ ਪਰੇਡ ਪੇਸ਼ ਕੀਤੀ ਗਈ, ਜਿਸ ਨੇ ਅਨੁਸ਼ਾਸਨ, ਏਕਤਾ, ਜ਼ਿੰਮੇਵਾਰੀ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਦਰਸਾਇਆ। ਐਨ.ਸੀ.ਸੀ. ਦਸਤੇ ਦੀ ਅਗਵਾਈ ਕੈਪਟਨ ਵਿਵੇਕ, ਏ.ਐਨ.ਉ., 2 ਪੰਜਾਬ ਆਰ ਐਂਡ ਵੀ ਸਕੁਆਡਰਨ ਅਤੇ ਸਿਮਰਦੀਪ ਕੌਰ, ਸੀ.ਟੀ.ਉ, 20 ਪੰਜਾਬ ਬਟਾਲੀਅਨ ਨੇ ਕੀਤੀ।

ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਦੇਸ਼ਭਗਤੀ ਦੇ ਗੀਤਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਸਮਾਗਮ ਵਿੱਚ ਹੋਰ ਰੰਗ ਅਤੇ ਜੋਸ਼ ਭਰ ਦਿੱਤਾ।

ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਵਿੱਚ ਡੀਨ ਸਾਹਿਬਾਨ, ਡਾਇਰੈਕਟਰ ਸਾਹਿਬਾਨ, ਵਿਭਾਗ ਮੁਖੀ, ਅਧਿਆਪਕ, ਅਧਿਕਾਰੀ, ਕਰਮਚਾਰੀ, NCC ਕੈਡਿਟ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਡਾ. ਆਸ਼ੀਸ਼ ਬਾਲਦੀ, ਡਾ. ਪਰਮਜੀਤ ਸਿੰਘ, ਡਾ. ਅਮਿਤ ਭਾਟੀਆ, ਡਾ. ਅਨੁਪਮ ਕੁਮਾਰ, ਸ੍ਰੀ ਹਰਜਿੰਦਰ ਸਿੰਘ ਸਿੱਧੂ, ਡਾ. ਸੁਦਾਂਸ਼ੂ ਅਤੇ ਡਾ. ਗਗਨਦੀਪ ਸਿੰਘ ਸੋਢੀ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ, ਅਧਿਆਪਕ ਅਤੇ ਕਰਮਚਾਰੀ ਸ਼ਾਮਲ ਸਨ।

ਸਹਾਇਕ ਪ੍ਰੋਫੈਸਰ ਸੁਨੀਤਾ ਕੋਤਵਾਲ ਨੇ ਵਿਦਿਆਰਥੀ ਐਂਕਰਾਂ ਦੇ ਸਹਿਯੋਗ ਨਾਲ ਸਮਾਗਮ ਦਾ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਨ ਕੀਤਾ।