ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਦੀ ਕੋਠੀ ਉੱਤੇ ਕਾਲ਼ਾ ਝੰਡਾ ਲਾਉਣ ਜਾਂਦੇ ਬੇਰੁਜ਼ਗਾਰ ਪੁਲਿਸ ਨੇ ਦਬੋਚੇ

Top Trending News ਪੰਜਾਬ

  • ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਦੀ ਕੋਠੀ ਉੱਤੇ ਕਾਲ਼ਾ ਝੰਡਾ ਲਾਉਣ ਜਾਂਦੇ ਬੇਰੁਜ਼ਗਾਰ ਪੁਲਿਸ ਨੇ ਦਬੋਚੇ
  • ਗ੍ਰਿਫਤਾਰੀ ਮਗਰੋ ਦੇਰ ਸ਼ਾਮ ਰਿਹਾਈ
  • ਪ੍ਰਦਰਸ਼ਨ ਲਈ ਪਹੁੰਚੇ ਬੇਰੁਜ਼ਗਾਰ ਖਦੇੜੇ

ਦਲਜੀਤ ਕੌਰ

ਸੰਗਰੂਰ, 16 ਅਗਸਤ, 2026: ‘ਆਜ਼ਾਦੀ ਆਜ਼ਾਦੀ, ਬੇਰੁਜ਼ਗਾਰੀ ਤੋ ਆਜ਼ਾਦੀ’ ਦੇ ਨਾਅਰੇ ਲਾਉਂਦੇ ਕਾਲੇ ਚੋਲੇ, ਕਾਲੀਆਂ ਪੱਟੀਆਂ ਅਤੇ ਕਾਲੇ ਚੋਲੇ ਪਾਕੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਸਥਾਨਕ ਕੋਠੀ ਉੱਤੇ ਕਾਲ਼ਾ ਝੰਡਾ ਲਹਿਰਾਉਣ ਦਾ ਯਤਨ ਕਰਦੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਾਰਕੁੰਨਾਂ ਨੂੰ ਪੁਲਿਸ ਵੱਲੋਂ ਨਾਟਕੀ ਤਰੀਕੇ ਨਾਲ ਗ੍ਰਿਫਤਾਰ ਕਰਕੇ ਥਾਣੇ ਡੱਕ ਦਿੱਤਾ। ਆਖਰ ਦੇਰ ਸਾਮ ਭਰਾਤਰੀ ਜਥੇਬੰਦੀਆਂ ਦੇ ਉਦਮ ਸਦਕਾ ਬੇਰੁਜ਼ਗਾਰਾਂ ਦੀ ਬਿਨਾਂ ਸ਼ਰਤ ਰਿਹਾਈ ਹੋਈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ 25 ਦਸੰਬਰ ਭਾਵ ਕਰੀਬ 8 ਮਹੀਨੇ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਐਲਾਨ ਕੀਤਾ ਹੋਇਆ ਸੀ ਕਿ ਉਹ ਆਪਣੇ ਗਲਾਂ ਵਿੱਚ ਸੰਗਲ ਪਾਕੇ ਮੁੱਖ ਮੰਤਰੀ ਦੀ ਕੋਠੀ ਜਾਣਗੇ ਅਤੇ ਮੰਗ ਕਰਨਗੇ ਪੰਜਾਬ ਸਰਕਾਰ ਉਹਨਾਂ ਦੇ ਗਲੋਂ ਸੰਗਲ ਲਾਹ ਕੇ ਰੁਜ਼ਗਾਰ ਦੇਣ ਦਾ ਐਲਾਨ ਕਰੇ। ਇਸ ਮੰਤਵ ਲਈ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਇਕੱਠੇ ਹੋਣ ਦਾ ਫੈਸਲਾ ਸੀ, ਪ੍ਰੰਤੂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਲੋਟ ਜਿਉਂ ਹੀ ਧੂਰੀ ਰੋਡ ਸਥਿਤ ਗੁਰਦੁਆਰਾ ਮਹਿਲ ਮੁਬਾਰਕ ਸਾਹਿਬ ਦਰਸ਼ਨ ਕਰਨ ਅਤੇ ਇਸ਼ਨਾਨ ਕਰਨ ਗਏ ਤਾਂ ਬਾਵਰਦੀ ਪੁਲਿਸ ਨੇ ਉਹਨਾਂ ਨੂੰ ਉਥੋਂ ਜ਼ਬਰੀ ਚੁੱਕ ਲਿਆ।

ਇੱਧਰ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਜਿਵੇਂ ਹੀ ਬਰਨਾਲਾ ਵਲੋਂ ਆਉਂਦੇ ਓਵਰ ਬ੍ਰਿਜ ਨੇੜੇ ਪਹੁੰਚੇ ਤਾਂ ਸੀ ਆਈ ਏ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਵਿੱਚ ਪਹਿਲਾਂ ਤੋ ਹੀ ਤਾਇਨਾਤ ਵੱਡੀ ਫੋਰਸ ਨੇ ਬੇਰੁਜ਼ਗਾਰਾਂ ਦੀ ਗੱਡੀ ਨੂੰ ਘੇਰਾ ਪਾਕੇ ਕਬਜ਼ੇ ਵਿੱਚ ਲੈ ਲਿਆ।ਭਾਵੇਂ ਬੇਰੁਜ਼ਗਾਰਾਂ ਨੇ ਸ਼ੋਸ਼ਲ ਮੀਡੀਏ ਜਰੀਏ ਲਾਈਵ ਹੋਕੇ ਪੁਲਿਸ ਦੀ ਇਸ ਵਧੀਕੀ ਨੂੰ ਲੋਕਤੰਤਰ ਦਾ ਘਾਣ ਆਖਦੇ ਜਨਤਕ ਕੀਤਾ, ਪ੍ਰੰਤੂ ਬੇਰੁਜ਼ਗਾਰਾਂ ਨੂੰ ਥਾਣਾ ਬਾਲੀਆਂ ਵਿਚ ਡੱਕ ਦਿੱਤਾ। ਜਿੱਥੇ ਹੋਰ ਡੇਢ ਦਰਜਨ ਦੇ ਕਰੀਬ ਪਹਿਲਾਂ ਤੋਂ ਹੀ ਤੁੰਨੇ ਹੋਏ ਸਨ।ਉੱਧਰ ਵੇਰਕਾ ਮਿਲਕ ਪਲਾਂਟ ਇਕੱਠੇ ਹੋਣ ਵਾਲੇ ਬੇਰੁਜ਼ਗਾਰਾਂ ਨੂੰ ਆਗੂਆਂ ਵਿਹੂਣੇ ਕਰਕੇ ਖਦੇੜ ਦਿੱਤਾ। ਹਮਾਇਤ ਵਿੱਚ ਆਈਆਂ ਭਰਾਤਰੀ ਜਥੇਬੰਦੀਆਂ ਨੇ ਬੇਰੁਜ਼ਗਾਰਾਂ ਦੀ ਬਿਨਾ ਸ਼ਰਤ ਰਿਹਾਈ ਦੀ ਚਿਤਾਵਨੀ ਦੇ ਦਿੱਤੀ। ਪੁਲਿਸ ਥਾਣੇ ਬੰਦ ਬੇਰੁਜ਼ਗਾਰ ਆਗੂਆਂ ਨੂੰ ਪੱਕਾ ਮੋਰਚਾ ਚੁੱਕਣ ਜਾਂ ਫਿਰ ਪੁਲਿਸ ਪਰਚੇ ਝੱਲਣ ਦੀ ਧਮਕੀ ਦਿੱਤੀ ਤਾਂ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਰਮਨ ਕੁਮਾਰ ਮਲੋਟ ਪੱਕਾ ਮੋਰਚਾ ਜਾਰੀ ਰੱਖਣ ਲਈ ਬਜਿੱਦ ਰਹੇ।

ਇਸ ਮੌਕੇ ਸੂਬਾ ਕਨਵੀਨਰ ਅਮਨ ਸੇਖਾ, ਰਿੰਕੂ ਝਾੜੋਂ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ ਜਗਜੀਤ ਪੁਰਾ, ਰਣਜੀਤ ਮੌੜ, ਸੁਨੀਲ ਕੁਮਾਰ, ਮੁਨੀਸ਼ ਫਾਜ਼ਿਲਕਾ, ਕੇਵਲ ਕ੍ਰਿਸ਼ਨ ਸਮੇਤ ਬੇਰੁਜ਼ਗਾਰ ਥਾਣੇ ਬੰਦ ਸਨ।

ਉਧਰ ਭਰਾਤਰੀ ਜਥੇਬੰਦੀਆਂ ਵੱਲੋਂ ਡੀਟੀਐੱਫ ਦੇ ਸੁਖਵਿੰਦਰ ਸਿੰਘ ਗਿਰ, ਦਾਤਾ ਸਿੰਘ ਨਮੋਲ, ਬੀਕੇਯੂ ਉਗਰਾਹਾਂ ਦੇ ਕਰਮਜੀਤ ਸਿੰਘ, 1158 ਦੇ ਹਨੀਸ, ਪ੍ਰੋ ਨਿਰਭੈ ਸਿੰਘ, ਬਸ਼ੇਸਰ ਰਾਮ, ਅਮਰੀਕ ਖੋਖਰ ਆਦਿ ਦਾ ਵਫਦ ਪੁਲਿਸ ਥਾਣਾ ਬਾਲੀਆਂ ਵਿਖੇ ਪਹੁੰਚੇ ਤਾਂ ਇਸ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਨੂੰ ਬਿਨਾ ਸ਼ਰਤ ਰਿਹਾਅ ਕਰਕੇ ਪੱਕੇ ਮੋਰਚੇ ‘ ਤੇ ਛੱਡ ਦਿੱਤਾ ਗਿਆ। ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਦੀ ਪੰਜਾਬ ਕੈਬਨਿਟ ਸਬ ਕਮੇਟੀ ਨਾਲ 26 ਅਗਸਤ ਨੂੰ ਨਿਸ਼ਚਿਤ ਕਰਵਾਈ ਗਈ,ਜਿਸਦੀ ਪੱਤ੍ਰਕਾ ਐਸ ਡੀ ਐਮ ਵੱਲੋ ਬੇਰੁਜ਼ਗਾਰਾਂ ਨੂੰ ਸੌਂਪੀ ਗਈ।

ਬੇਰੁਜ਼ਗਾਰਾਂ ਨੇ ਕਾਲੇ ਚੋਲੇ ਪਾਕੇ ਪੱਕੇ ਮੋਰਚੇ ‘ ਤੇ ਹੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੇਰੁਜ਼ਗਾਰਾਂ ਨੇ ਐਲਾਨ ਕੀਤਾ ਜੇਕਰ 26 ਅਗਸਤ ਦੀ ਮੀਟਿੰਗ ਵਿਚ ਮਾਸਟਰ ਕੇਡਰ ਅਸਾਮੀਆਂ,55 ਫੀਸਦੀ ਅੰਕਾਂ ਦੀ ਸ਼ਰਤ ਰੱਦ ਕਰਨ, ਉਮਰ ਹੱਦ ਛੋਟ ਦੇਣ, ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆ ਲੈਣ, ਲੈਕਚਰਾਰ 1013 ਵਿੱਚ ਰਾਖਵੀਆਂ ਸ੍ਰੇਣੀਆਂ ਦੀਆਂ ਅਸਾਮੀਆਂ ਐਡ ਕਰਨ, ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕਰਨ ਦਾ ਫੈਸਲਾ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਹਰਜਿੰਦਰ ਸਿੰਘ ਝੁਨੀਰ, ਸੰਦੀਪ ਮੋਫ਼ਰ, ਜਸਮੇਲ ਸਿੰਘ, ਬਲਰਾਜ ਅਤੇ ਸੁਖਰਾਜ ਦੋਦਾ, ਮੱਖਣ ਸਿੰਘ, ਕੁਲਦੀਪ ਸਿੰਘ ਪੁੰਨਾਵਾਲ, ਹਰਮੇਸ਼ ਸਿੰਘ, ਮਨਦੀਪ ਸਿੰਘ, ਸੁਖਪਾਲ ਖਾਨ, ਨਿਰਮਲ ਸਿੰਘ ਵਿੱਕੀ ਮੋਗਾ, ਅਮਨਦੀਪ ਕੌਰ, ਰਣਜੀਤ ਕੌਰ, ਗਗਨਦੀਪ ਕੌਰ, ਲਲਿਤਾ ਪਟਿਆਲਾ, ਗੁਰਪਿਆਰ ਸਿੰਘ ਕਰੋਨਾ ਯੋਧੇ ਆਦਿ ਹਾਜ਼ਰ ਸਨ।