ਨਵ-ਜਨਮੇ ਬੱਚਿਆਂ ਨੂੰ ਹੁਣ ਸਰਕਾਰ ਦੇਵੇਗੀ ਸੋਨੇ ਦੀ ਮੁੰਦਰੀ; CM ਨੇ ਕਰ’ਤਾ ਵੱਡਾ ਐਲਾਨ
ਚੇਨਈ, 16 ਅਗਸਤ 2026
ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ 80ਵੇਂ ਆਜ਼ਾਦੀ ਦਿਵਸ ਮੌਕੇ ਚੇਨਈ ਸਥਿਤ 376 ਸਾਲ ਪੁਰਾਣੇ ਇਤਿਹਾਸਕ ਫੋਰਟ ਸੇਂਟ ਜਾਰਜ ਵਿਖੇ ਕੌਮੀ ਝੰਡਾ ਲਹਿਰਾਇਆ। ਮੁੱਖ ਮੰਤਰੀ ਵਜੋਂ ਆਪਣੇ ਪਹਿਲੇ ਆਜ਼ਾਦੀ ਦਿਵਸ ਭਾਸ਼ਣ ਦੌਰਾਨ ਉਨ੍ਹਾਂ ਨੇ ਨਵਜੰਮੇ ਬੱਚਿਆਂ ਨਾਲ ਸਬੰਧਤ ਇੱਕ ਵਿਸ਼ੇਸ਼ ਲੋਕ-ਭਲਾਈ ਯੋਜਨਾ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ‘ਥਾਈਮਾਨ ਥੰਗਾ ਮੋਥੀਰਾਮ ਥਿੱਟਮ’ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਯੋਗ ਨਵਜੰਮੇ ਬੱਚਿਆਂ ਨੂੰ ਇੱਕ ਗ੍ਰਾਮ ਸ਼ੁੱਧ ਸੋਨੇ ਦੀ ਮੁੰਦਰੀ ਅਤੇ ‘ਬੱਚਾ ਸਵਾਗਤ ਕਿੱਟ’ ਦੇਣ ਦਾ ਐਲਾਨ ਕੀਤਾ। ਇਹ ਯੋਜਨਾ 15 ਸਤੰਬਰ ਤੋਂ ਲਾਗੂ ਹੋਵੇਗੀ ਅਤੇ ਇਸ ’ਤੇ ਲਗਭਗ 755.83 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਯੋਜਨਾ ਅਧੀਨ ਮੁੰਦਰੀ ਦੇ ਨਾਲ ਬੱਚੇ ਲਈ ਸਵਾਗਤੀ ਕਿੱਟ ਵੀ ਦਿੱਤੀ ਜਾਵੇਗੀ। ਇਸ ਵਿੱਚ ਬੱਚਿਆਂ ਦੇ ਕੱਪੜੇ, ਬੱਚਿਆਂ ਲਈ ਤੇਲ, ਸਾਬਣ, ਪਾਊਡਰ, ਡਾਇਪਰ, ਰੁਮਾਲ, ਮੱਛਰਦਾਨੀ ਅਤੇ ਖਿਡੌਣਿਆਂ ਸਮੇਤ ਲੋੜੀਂਦੀਆਂ ਵਸਤਾਂ ਸ਼ਾਮਲ ਹੋਣਗੀਆਂ।
ਸਰਕਾਰ ਮੁਤਾਬਕ ਇਸ ਯੋਜਨਾ ਦਾ ਮੁੱਖ ਉਦੇਸ਼ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਨੂੰ ਉਤਸ਼ਾਹਿਤ ਕਰਨਾ ਅਤੇ ਮਾਂ ਤੇ ਨਵਜੰਮੇ ਬੱਚੇ ਦਾ ਸਨਮਾਨ ਕਰਨਾ ਹੈ। ਇਸ ਦਾ ਲਾਭ ਤਾਮਿਲਨਾਡੂ ਦੇ ਸਥਾਈ ਵਸਨੀਕ ਮਾਪਿਆਂ ਦੇ ਉਨ੍ਹਾਂ ਬੱਚਿਆਂ ਨੂੰ ਮਿਲੇਗਾ, ਜਿਨ੍ਹਾਂ ਦਾ ਜਨਮ ਰਾਜ ਦੇ ਸਰਕਾਰੀ ਹਸਪਤਾਲ ਵਿੱਚ ਹੋਇਆ ਹੋਵੇ। ਇਹ ਯੋਜਨਾ 22 ਜੂਨ 2026 ਜਾਂ ਇਸ ਤੋਂ ਬਾਅਦ ਜਨਮੇ ਯੋਗ ਬੱਚਿਆਂ ’ਤੇ ਵੀ ਲਾਗੂ ਹੋਵੇਗੀ।





