UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ

Top Trending News ਦਿੱਲੀ ਰਾਸ਼ਟਰੀ

 

UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ

ਨਵੀਂ ਦਿੱਲੀ, 17 ਅਗਸਤ 2026

NEET ਪ੍ਰੀਖਿਆ ਨਾਲ ਜੁੜੀਆਂ ਬੇਨਿਯਮੀਆਂ ਤੋਂ ਬਾਅਦ ਹੁਣ UGC NET ਪ੍ਰੀਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਦੇਰ ਸ਼ਾਮ UGC NET ਦੇ ਤਿੰਨ ਵਿਸ਼ਿਆਂ—ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ—ਦੀ ਪ੍ਰੀਖਿਆ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਸ਼ਿਆਂ ਦੀ ਮੁੜ ਪ੍ਰੀਖਿਆ 9 ਅਤੇ 10 ਸਤੰਬਰ 2026 ਨੂੰ ਕਰਵਾਈ ਜਾਵੇਗੀ। ਉਮੀਦਵਾਰਾਂ ਤੋਂ ਮੁੜ ਪ੍ਰੀਖਿਆ ਲਈ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।

NTA ਮੁਤਾਬਕ ਇਨ੍ਹਾਂ ਤਿੰਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਤੱਥਾਂ ਨਾਲ ਸਬੰਧਤ ਗਲਤੀਆਂ, ਟਾਈਪਿੰਗ ਅਤੇ ਅਨੁਵਾਦ ਦੀਆਂ ਗਲਤੀਆਂ, ਪ੍ਰਮੁੱਖ ਵਿਦਵਾਨਾਂ ਦੇ ਨਾਵਾਂ ਦੀ ਗਲਤ ਸਪੈਲਿੰਗ, ਕਿਤਾਬਾਂ ਦੇ ਗਲਤ ਸਿਰਲੇਖ ਅਤੇ ਭਾਸ਼ਾ ਤੇ ਵਿਆਕਰਨ ਨਾਲ ਜੁੜੀਆਂ ਗਲਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਸ਼ਨਾਂ ਦੀ ਗਿਣਤੀ ਅਤੇ ਲਿੰਗ ਨਾਲ ਸਬੰਧਤ ਗਲਤੀਆਂ ਵੀ ਪਾਈਆਂ ਗਈਆਂ।

ਏਜੰਸੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਸਵਾਲ ਵੀ ਮਿਲੇ, ਜੋ ਪਹਿਲਾਂ ਪੁੱਛੇ ਜਾ ਚੁੱਕੇ ਪ੍ਰਸ਼ਨਾਂ ਨਾਲ ਕਾਫ਼ੀ ਹੱਦ ਤੱਕ ਮਿਲਦੇ ਸਨ। NTA ਅਨੁਸਾਰ ਇਹ ਮਾਮਲਾ ਸਿਰਫ਼ ਉੱਤਰ ਕੁੰਜੀ ਨੂੰ ਚੁਣੌਤੀ ਦੇਣ ਦੀ ਪ੍ਰਕਿਰਿਆ ਰਾਹੀਂ ਠੀਕ ਨਹੀਂ ਕੀਤਾ ਜਾ ਸਕਦਾ ਸੀ। ਇਸ ਲਈ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ।

ਜਾਣਕਾਰੀ ਮੁਤਾਬਕ ਅੰਗਰੇਜ਼ੀ ਦੀ ਪ੍ਰੀਖਿਆ 9 ਸਤੰਬਰ ਨੂੰ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। ਕਾਮਰਸ ਦੀ ਪ੍ਰੀਖਿਆ ਉਸੇ ਦਿਨ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਹੋਵੇਗੀ, ਜਦਕਿ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਕਰਵਾਈ ਜਾਵੇਗੀ।

NTA ਨੇ ਦੱਸਿਆ ਕਿ ਬਾਕੀ 84 ਵਿਸ਼ਿਆਂ ਲਈ ਉੱਤਰ ਕੁੰਜੀ ਨੂੰ ਚੁਣੌਤੀ ਦੇਣ ਦੀ ਪ੍ਰਕਿਰਿਆ ਜਾਰੀ ਹੈ। ਉਮੀਦਵਾਰ 18 ਅਗਸਤ ਰਾਤ 11:59 ਵਜੇ ਤੱਕ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਹਨ।

ਏਜੰਸੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਤਿੰਨਾਂ ਵਿਸ਼ਿਆਂ ਦੀ ਮੁੜ ਪ੍ਰੀਖਿਆ ਕਾਰਨ JRF ਸੀਟਾਂ ਦੀ ਵੰਡ, ਸਹਾਇਕ ਪ੍ਰੋਫੈਸਰਸ਼ਿਪ ਲਈ ਯੋਗਤਾ ਅਤੇ ਪੀਐਚਡੀ ਦਾਖਲਿਆਂ ਲਈ ਈ-ਸਰਟੀਫਿਕੇਟ ਜਾਰੀ ਕਰਨ ਵਿੱਚ ਦੇਰੀ ਨਹੀਂ ਹੋਵੇਗੀ। ਪ੍ਰੀਖਿਆ ਸ਼ਹਿਰ, ਕੇਂਦਰ ਅਤੇ ਦਾਖਲਾ ਕਾਰਡ ਸਬੰਧੀ ਜਾਣਕਾਰੀ NTA ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕੀਤੀ ਜਾਵੇਗੀ।