ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ

Top Trending News ਪੰਜਾਬ

 

ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ

ਚੰਡੀਗੜ੍ਹ, 22 ਅਗਸਤ 2026- ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੈਟਰੋਲੋਜੀ ਵਿੰਗ ਨੇ ਇਸ ਸਾਲ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ ਗਈ ਸਮਝੌਤਾ ਫੀਸ (ਕੰਪਾਊਂਡਿੰਗ ਫੀਸ) ਅਤੇ ਇਸੇ ਮਿਆਦ ਦੌਰਾਨ ਕੀਤੇ ਗਏ ਨਿਰੀਖਣਾਂ ਦੇ ਮਾਮਲੇ ਵਿੱਚ ਨਿਰੰਤਰ ਵਧੀਆ ਕਾਰਗੁਜ਼ਾਰੀ ਵਿਖਾਈ ਹੈ।

ਕੰਪਾਊਂਡਿੰਗ ਫੀਸਾਂ ਦੇ ਮਾਮਲੇ ਵਿੱਚ ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ 53.26 ਲੱਖ ਰੁਪਏ ਇਕੱਠੇ ਕੀਤੇ। ਵਿੰਗ ਵੱਲੋਂ ਇਸੇ ਮਿਆਦ ਦੌਰਾਨ 14412 ਨਿਰੀਖਣ ਅਤੇ 1062 ਚਲਾਨ ਕੀਤੇ ਗਏ।

ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਸਰਗਰਮੀ ਅਤੇ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਵਿੰਗ ਕੋਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਾਲਕੀ ਵਾਲੀਆਂ ਮਿਆਰੀ ਲੈਬਾਰਟਰੀਆਂ ਹਨ, ਜਦਕਿ ਸਰਹਿੰਦ ਅਤੇ ਖੰਨਾ ਵਿੱਚ ਵੀ ਇਸੇ ਤਰਜ਼ ’ਤੇ ਨਵੀਆਂ ਲੈਬਾਰਟਰੀਆਂ ਜਲਦ ਬਣਾਈਆਂ ਜਾਣਗੀਆਂ।

ਲੀਗਲ ਮੈਟਰੋਲੋਜੀ ਵਿੰਗ ਦਾ ਮੁੱਖ ਉਦੇਸ਼ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਇਹ ਯਕੀਨੀ ਬਣਾਉਣਾ ਹੈ ਕਿ ਵੇਚੇ ਜਾਂ ਖ਼ਰੀਦੇ ਗਏ ਸਾਮਾਨ ਦੀ ਮਾਤਰਾ ਅਤੇ ਗੁਣਵੱਤਾ ਦਰਅਸਲ ਸਹੀ ਹੋਵੇ ।