- ਮੋਹਾਲੀ: ਸੰਨੀ ਇਨਕਲੇਵ ਦੀ ਮੇਨ ਮਾਰਕੀਟ ਨੇੜੇ ਨਿੱਝਰ ਚੌਂਕ ਵਾਲੀ ਸੜਕ ਦੀ ਬਦਹਾਲ !
- ਵਿਕਾਸ ਦੇ ਦਾਅਵੇ ਕਰਨ ਵਾਲੀ ਸਰਕਾਰ ਕਿੱਥੇ ਸੁੱਤੀ ਪਈ ਹੈ? ਲੋਕਾਂ ਦੀ ਜਾਨ ਨਾਲ ਖਿਲਵਾੜ ਬੰਦ ਕਰੋ!
ਖਰੜ/ਮੁਹਾਲੀ, 24 ਨਵੰਬਰ (ਦੇਸ਼ ਕਲਿੱਕ ਬਿਊਰੋ): ਸੰਨੀ ਇਨਕਲੇਵ ਦੀ ਮੇਨ ਮਾਰਕੀਟ ਵਿਚ ਨਿੱਝਰ ਚੌਂਕ ਨੂੰ ਜਾਣ ਵਾਲੀ ਸੜਕ ਦੀ ਬਦਤਰ ਹਾਲਤ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੜਕ ‘ਤੇ ਪਏ ਵੱਡੇ-ਵੱਡੇ ਟੋਏ ਅਤੇ ਖਿਲਰੀ ਹੋਈ ਬਜਰੀ, ਟੁੱਟੀ ਹੋਈ ਸੜਕ ਕਾਰਨ ਰਾਹਗੀਰਾਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੋਰਵ ਨਰੂਲਾ (ਗੋਰਵ ਐਸੋਸੀਏਟਸ), ਸੂਰਜ ਭਾਨ (ਹੀਰਾ ਐਸੋਸੀਏਟਸ), ਹੈਪੀ, ਹਰਜਾਪ (ਨਿਊ ਸੰਨ ਪ੍ਰੋਪਰਟੀ), ਅਲੀ (ਸਕੂਟਰ ਮਕੈਨਿਕ), ਮਨਦੀਪ ਸਿੰਘ (ਚੌਧਰੀ ਚਿਕਨ), ਮੋਹਨ (ਚੇਰਾ ਈਟਿੰਗ ਪੁਆਇੰਟ), ਸੰਜੇ (ਟਾਇਰ ਵਾਲੇ), ਸੈਣੀ ਡੈਂਟਿੰਗ ਅਤੇ ਪੇਂਟਿੰਗ, ਕਰਨੈਲ (ਪੰਜਾਬੀ ਢਾਬਾ), ਜਸਵਿੰਦਰ ਸਿੰਘ (ਸੈਣੀ ਪ੍ਰਾਪਰਟੀ) ਅਤੇ ਹੋਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਜਿਸ ਸੜਕ ਤੋਂ ਰੋਜ਼ਾਨਾ ਸੈਂਕੜੇ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ, ਉਸ ਦੀ ਮੁਰੰਮਤ ਵੱਲ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ।
ਇਹ ਕਿ ਅਸੀਂ ਮਾਰਕਿਟ ਵਾਲੇ ਨਗਰ ਕੌਂਸਲ ਨੂੰ ਸਮੇਂ-ਸਮੇਂ ਤੇ ਟੈਕਸ ਅਦਾ ਕਰਦੇ ਹਾਂ ਪਰ ਫਿਰ ਵੀ ਸਬੰਧਿਤ ਅਧਿਕਾਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਦੋਪਹੀਆ ਵਾਹਨ ਚਾਲਕਾਂ ਲਈ ਇਹ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਬਰਸਾਤ ਜਾਂ ਰਾਤ ਸਮੇਂ ਟੋਏ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੇ ਹਨ। ਸਵਾਲ ਇਹ ਹੈ ਕਿ ਕੀ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ? ਇੱਕ ਪਾਸੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਦੂਜੇ ਪਾਸੇ ਸ਼ਹਿਰ ਦੀਆਂ ਅਹਿਮ ਸੜਕਾਂ ਦੀ ਹਾਲਤ ਲੋਕਾਂ ਸਾਹਮਣੇ ਸਰਕਾਰੀ ਦਾਅਵਿਆਂ ਦੀ ਅਸਲੀਅਤ ਬਿਆਨ ਕਰ ਰਹੀ ਹੈ। ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਸਰਕਾਰ, ਨਗਰ ਕੌਂਸਲ ਅਤੇ ਸਬੰਧਤ ਸੜਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਬਿਨਾਂ ਕਿਸੇ ਦੇਰੀ ਦੇ ਪੱਕੀ ਮੁਰੰਮਤ ਕਰਵਾਈ ਜਾਵੇ। ਹੁਣ ਸਿਰਫ਼ ਭਰੋਸੇ ਨਹੀਂ, ਜ਼ਮੀਨੀ ਪੱਧਰ ‘ਤੇ ਕੰਮ ਚਾਹੀਦਾ ਹੈ। ਲੋਕਾਂ ਨੂੰ ਸਹੂਲਤਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਕੋਈ ਅਹਿਸਾਨ ਨਹੀਂ।
ਇਸ ਸਬੰਧੀ ਵਾਰਡ ਨੰਬਰ 10 ਦੇ ਸਾਬਕਾ ਐੱਮ.ਸੀ ਹਰਿੰਦਰਪਾਲ ਸਿੰਘ ਜੋਲੀ ਨੇ ਦੱਸਿਆ ਕਿ ਸੰਨੀ ਇਨਕਲੇਵ ਨਿੱਝਰ ਚੌਂਕ ਵਾਲੀ ਉਕਤ ਸੜਕ ਦੇ ਟੈਂਡਰ ਪਾ ਕੇ ਭੇਜੇ ਹੋਏ ਹਨ ਤੇ ਜਲਦ ਕਲੀਅਰ ਹੋਣ ਦੀ ਉਮੀਦ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪੱਥਰੀਆ ਨੇ ਕਿਹਾ ਕਿ ਸੜਕ ਬਣਵਾ ਦਿੰਦੇ ਹਾਂ ।





