ਨਗਰ ਕੌਂਸਲ ਖਰੜ ਵਿਖੇ ਸ਼ਿਕਾਇਤ ਕੇਂਦਰ ਦਾ ਪਰਮਿੰਦਰ ਸਿੰਘ ਗੋਲਡੀ ਨੇ ਕੀਤਾ ਉਦਘਾਟਨ

Top Trending News ਪੰਜਾਬ

 

ਨਗਰ ਕੌਂਸਲ ਖਰੜ ਵਿਖੇ ਸ਼ਿਕਾਇਤ ਕੇਂਦਰ ਦਾ ਪਰਮਿੰਦਰ ਸਿੰਘ ਗੋਲਡੀ ਨੇ ਕੀਤਾ ਉਦਘਾਟਨ

*ਸ਼ਹਿਰ ਵਾਸੀ ਸੀਵਰੇਜ, ਗਲੀਆਂ, ਸਟਰੀਟ ਲਾਈਟਾਂ ਸਮੇਤ ਹਰ ਤਰ੍ਹਾਂ ਦੀ ਸਮੱਸਿਆ ਕਰਵਾ ਸਕਣਗੇ ਦਰਜ, ਸ਼ਿਕਾਇਤ ਦੇ ਹੱਲ ਉਪਰੰਤ ਦਿੱਤੀ ਜਾਵੇਗੀ ਫੀਡਬੈਕ*

ਖਰੜ, 24 ਨਵੰਬਰ:

ਖਰੜ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਦੇ ਉਦੇਸ਼ ਨਾਲ ਨਗਰ ਕੌਂਸਲ ਖਰੜ ਵਿਖੇ ਸ਼ਿਕਾਇਤ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਇਸ ਸ਼ਿਕਾਇਤ ਕੇਂਦਰ ਦਾ ਉਦਘਾਟਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਵੱਲੋਂ ਕੀਤਾ ਗਿਆ।

ਇਸ ਮੌਕੇ ਸ. ਗੋਲਡੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਨਾਲ ਸਬੰਧਤ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਸੁਚੱਜਾ ਮੰਚ ਮੁਹੱਈਆ ਕਰਵਾਉਣ ਵਾਸਤੇ ਇਹ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਗਿਆ ਹੈ। ਹੁਣ ਸ਼ਹਿਰ ਦੇ ਲੋਕ ਸੀਵਰੇਜ ਦੀ ਸਮੱਸਿਆ, ਗਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ, ਸੀਵਰੇਜ ਦੇ ਟੁੱਟੇ ਜਾਂ ਗਾਇਬ ਢੱਕਣ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਇੱਥੇ ਦਰਜ ਕਰਵਾ ਸਕਣਗੇ।

ਉਨ੍ਹਾਂ ਕਿਹਾ ਕਿ ਸ਼ਿਕਾਇਤ ਕੇਂਦਰ ਵਿੱਚ ਆਉਣ ਵਾਲੀ ਹਰੇਕ ਸ਼ਿਕਾਇਤ ਨੂੰ ਬਕਾਇਦਾ ਰਿਕਾਰਡ ਵਿੱਚ ਦਰਜ ਕੀਤਾ ਜਾਵੇਗਾ ਅਤੇ ਸਬੰਧਤ ਨਗਰ ਕੌਂਸਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਮੱਸਿਆ ਦਾ ਹੱਲ ਕਰਵਾਉਣ ਲਈ ਪੈਰਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਨੂੰ ਉਸ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ ਅਤੇ ਸਮੱਸਿਆ ਦੇ ਹੱਲ ਸਬੰਧੀ ਫੀਡਬੈਕ ਵੀ ਦਿੱਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਆਪਣੇ ਕੰਮ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇ।

ਉਨ੍ਹਾਂ ਦੱਸਿਆ ਕਿ ਇਹ ਸ਼ਿਕਾਇਤ ਕੇਂਦਰ ਨਗਰ ਕੌਂਸਲ ਦੇ ਦਫ਼ਤਰੀ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਪਹਿਲਕਦਮੀ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨਾ, ਹਰ ਸ਼ਿਕਾਇਤ ਦਾ ਰਿਕਾਰਡ ਰੱਖਣਾ ਅਤੇ ਉਸ ਦੇ ਹੱਲ ਹੋਣ ਤੱਕ ਲਗਾਤਾਰ ਪੈਰਵੀ ਕਰਨਾ ਹੈ, ਤਾਂ ਜੋ ਲੋਕਾਂ ਨੂੰ ਆਪਣੀਆਂ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਖੱਜਲ-ਖੁਆਰ ਨਾ ਹੋਣਾ ਪਵੇ।

ਇਸ ਮੌਕੇ ਕਾਰਜ ਸਾਧਕ ਅਧਿਕਾਰੀ (ਈ.ਓ.) ਅਸ਼ੋਕ ਪਥਰੀਆ ਸਮੇਤ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼, ਬਲਾਕ ਸੰਮਤੀ ਖਰੜ ਦੇ ਚੇਅਰਮੈਨ ਸ. ਰਘਬੀਰ ਸਿੰਘ ਮੋਦੀ,ਬਲਜੀਤ ਸਿੰਘ ਮੀਡੀਆ ਇੰਚਾਰਜ, ਯਸ਼ਪਾਲ ਬਾਂਸਲ, ਗੋਵਿੰਦਰ ਸਿੰਘ ਚੀਮਾ, ਪ੍ਰਭਜੋਤ ਸਿੰਘ ਖਾਲਸਾ, ਰਾਮ ਸਰੂਪ, ਰਾਜਵੀਰ ਰਾਜੀ, ਜੁਝਾਰ ਸਿੰਘ, ਮੋਹਨ ਸਿੰਘ, ਪ੍ਰਿੰਸ ਧਾਲੀਵਾਲ, ਸੁਖਵਿੰਦਰ ਸਿੰਘ, ਰਚਨਾ ਸ਼ਰਮਾ, ਮਨਪ੍ਰੀਤ ਸਿੰਘ, ਹਰਮੀਤ ਸਿੰਘ ਛਿੱਬਰ, ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਅਤੇ ਮਨਜੀਤ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।