ਭਾਜਪਾ-ਅਕਾਲੀ ਗੱਠਜੋੜ ’ਤੇ ਪਰਗਟ ਸਿੰਘ ਦਾ ਤਿੱਖਾ ਹਮਲਾ, ਕਿਹਾ- ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਨੂੰ ਦੇਣਗੇ ਜਵਾਬ

Top Trending News ਪੰਜਾਬ

ਭਾਜਪਾ-ਅਕਾਲੀ ਗੱਠਜੋੜ ’ਤੇ ਪਰਗਟ ਸਿੰਘ ਦਾ ਤਿੱਖਾ ਹਮਲਾ, ਕਿਹਾ- ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਨੂੰ ਦੇਣਗੇ ਜਵਾਬ

ਚੰਡੀਗੜ੍ਹ, 24 ਨਵੰਬਰ 2026: ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਿਤ ਗੱਠਜੋੜ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਦੋਵਾਂ ਪਾਰਟੀਆਂ ਦੇ ਇਕੱਠੇ ਆਉਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਗੱਠਜੋੜ ਕਰਨ ਨਾਲ ਪੰਜਾਬ ਦੇ ਬੁਨਿਆਦੀ ਮੁੱਦੇ ਖ਼ਤਮ ਨਹੀਂ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਸ਼ੁਭਕਾਮਨਾਵਾਂ ਹਨ, ਪਰ ਪੰਜਾਬ ਦੇ ਲੋਕ ਕਿਸਾਨੀ ਸੰਘਰਸ਼, ਪਿਛਲੇ ਸਿਆਸੀ ਫੈਸਲਿਆਂ ਅਤੇ ਬਾਦਲ ਪਰਿਵਾਰ ਦੀ ਭੂਮਿਕਾ ਨੂੰ ਨਹੀਂ ਭੁੱਲੇ। ਉਨ੍ਹਾਂ ਇਸ ਗੱਠਜੋੜ ਨੂੰ ਮੌਕਾਪ੍ਰਸਤ ਸਿਆਸਤ ਕਰਾਰ ਦਿੰਦਿਆਂ ਪੁੱਛਿਆ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਲੰਮਾ ਸਮਾਂ ਸੱਤਾ ਵਿੱਚ ਰਹੀਆਂ, ਉਹ ਹੁਣ ਪੰਜਾਬ ਦੀ ਭਲਾਈ ਲਈ ਕੀ ਨਵਾਂ ਕਰਨਗੀਆਂ?

ਪਰਗਟ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਦੋਵਾਂ ਪਾਰਟੀਆਂ ਦੇ ਪਿਛਲੇ ਕਾਰਜਕਾਲ ਅਤੇ ਫੈਸਲਿਆਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੇ ਨਾਲ ਭਾਜਪਾ ਨੂੰ ਵੀ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਾਂਗਰਸ ਦੇ ਸਿਆਸੀ ਨਜ਼ਰੀਏ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘਟਨਾਕ੍ਰਮ ਕਾਂਗਰਸ ਲਈ ਅਹਿਮ ਹੋ ਸਕਦਾ ਹੈ ਅਤੇ ਰਾਹੁਲ ਗਾਂਧੀ ਦੀ ਸੋਚ ਨਾਲ ਵੀ ਮੇਲ ਖਾਂਦਾ ਹੈ।