ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ! ਰੱਖੜੀ ਬਣਵਾਉਣ ਜਾ ਰਹੇ 23 ਸਾਲਾ ਨੌਜਵਾਨ ਦੀ ਮੌਤ

Top Trending News ਪੰਜਾਬ

 

ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ! ਰੱਖੜੀ (Rakhi) ਬਣਵਾਉਣ ਜਾ ਰਹੇ 23 ਸਾਲਾ ਨੌਜਵਾਨ ਦੀ ਮੌਤ

ਮੋਹਾਲੀ, 28 ਅਗਸਤ 2026: ਰੱਖੜੀ ਦੇ ਤਿਉਹਾਰ ਮੌਕੇ ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਉਣ ਲਈ ਪਿੰਡ ਮੱਛਲੀ ਕਲਾਂ ਜਾ ਰਹੇ 23 ਸਾਲਾ ਪਰਮਪ੍ਰੀਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।

ਜਾਣਕਾਰੀ ਮੁਤਾਬਕ ਪਰਮਪ੍ਰੀਤ ਇਲੈਕਟ੍ਰੀਸ਼ਨ ਵਜੋਂ ਕੰਮ ਕਰਦਾ ਸੀ ਅਤੇ ਕੰਮ ਦੇ ਸਿਲਸਿਲੇ ਵਿੱਚ ਆਪਣੀ ਭੂਆ ਦੇ ਘਰ ਪਿੰਡ ਦੜਬਾ ਵਿੱਚ ਰਹਿੰਦਾ ਸੀ। ਉਹ ਅੱਜ ਸਵੇਰੇ ਕਰੀਬ ਸਾਢੇ 7 ਵਜੇ ਮੋਟਰਸਾਈਕਲ ’ਤੇ ਆਪਣੇ ਪਿੰਡ ਲਈ ਰਵਾਨਾ ਹੋਇਆ ਸੀ। ਏਅਰਪੋਰਟ ਰੋਡ ’ਤੇ ਅਚਾਨਕ ਮੋਟਰਸਾਈਕਲ ਸਲਿੱਪ ਹੋਣ ਕਾਰਨ ਉਹ ਡਿਵਾਈਡਰ ਨਾਲ ਜਾ ਟਕਰਾਇਆ। ਇਸ ਦੌਰਾਨ ਡਿਵਾਈਡਰ ’ਤੇ ਲੱਗੀ ਲੋਹੇ ਦੀ ਗਰੇਲ ਦੇ ਐਂਗਲ ਨਾਲ ਉਸਦੇ ਸਿਰ ’ਤੇ ਗੰਭੀਰ ਸੱਟ ਲੱਗੀ।

ਪਰਿਵਾਰ ਦਾ ਦੋਸ਼ ਹੈ ਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਨੂੰ ਕਰੀਬ ਛੇ ਵਾਰ ਫੋਨ ਕੀਤਾ, ਪਰ ਮਦਦ ਸਮੇਂ ਸਿਰ ਨਹੀਂ ਪਹੁੰਚੀ। ਪਰਿਵਾਰ ਮੁਤਾਬਕ ਪਰਮਪ੍ਰੀਤ ਲਗਭਗ ਡੇਢ ਤੋਂ ਪੌਣੇ ਦੋ ਘੰਟੇ ਤੱਕ ਮੌਕੇ ’ਤੇ ਹੀ ਪਿਆ ਰਿਹਾ। ਬਾਅਦ ਵਿੱਚ ਉਸਨੂੰ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਪਰਮਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਅਤੇ ਪਰਿਵਾਰ ਦਾ ਮੁੱਖ ਸਹਾਰਾ ਸੀ। ਪਰਿਵਾਰ ਵੱਲੋਂ ਲਗਾਏ ਗਏ ਐਂਬੂਲੈਂਸ ਅਤੇ ਪ੍ਰਸ਼ਾਸਨਿਕ ਦੇਰੀ ਦੇ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।