- ਤਿੱਬਤ ‘ਚ ਮੁੜ ਫਟੀ ਝੀਲ, ਨੇਪਾਲ ਦੇ ਕਈ ਪਿੰਡ ਖਾਲੀ ਕਰਵਾਏ; 478 ਮੌਤਾਂ, 1500 ਤੋਂ ਵੱਧ ਲਾਪਤਾ
ਨਵੀਂ ਦਿੱਲੀ, 28 ਅਗਸਤ (ਦੇਸ਼ ਕਲਿੱਕ ਬਿਊਰੋ): ਨੇਪਾਲ-ਤਿੱਬਤ ਸਰਹੱਦ ਨੇੜੇ ਇੱਕ ਹੋਰ ਝੀਲ ਫਟਣ ਕਾਰਨ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਇਹ ਝੀਲ ਚੋਚੇਨ ਨਦੀ ਅਤੇ ਪੁਰੇਪੁ ਸਾਂਗਪੋ ਨਦੀ ਦੇ ਸੰਗਮ ਨੇੜੇ ਬਣੀ ਹੋਈ ਸੀ। ਚੀਨ ਵੱਲੋਂ ਇੱਕ ਦਿਨ ਪਹਿਲਾਂ ਹੀ ਇਸ ਝੀਲ ਦੇ ਫਟਣ ਦੀ ਸੰਭਾਵਨਾ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਸੀ।
ਝੀਲ ਫਟਣ ਤੋਂ ਬਾਅਦ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਾ ਹੈ। ਖ਼ਤਰੇ ਨੂੰ ਦੇਖਦਿਆਂ ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ ਚੱਲ ਰਿਹਾ ਰਾਹਤ ਅਤੇ ਬਚਾਅ ਕਾਰਜ 90 ਮਿੰਟ ਲਈ ਰੋਕ ਦਿੱਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਭੋਟੇਕੋਸ਼ੀ, ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀਆਂ ਦੇ ਨੇੜੇ ਵਸੇ ਕਈ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਲੋਕਾਂ ਅਤੇ ਸੁਰੱਖਿਆ ਬਲਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।
ਚੀਨ ਨੇ ਵੀ ਰਾਹਤ ਕਾਰਜ ਰੋਕੇ
ਮੁੜ ਹੜ੍ਹ ਆਉਣ ਦੇ ਖ਼ਤਰੇ ਨੂੰ ਦੇਖਦਿਆਂ ਚੀਨ ਨੇ ਤਿੱਬਤ ਵਿੱਚ ਵੀ ਰਾਹਤ ਅਤੇ ਬਚਾਅ ਮੁਹਿੰਮ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਚੀਨ ਵੱਲੋਂ ਲੈਵਲ-4 ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਇਸ ਦੌਰਾਨ ਨੇਪਾਲ ਅਤੇ ਤਿੱਬਤ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 478 ਤੱਕ ਪਹੁੰਚ ਗਈ ਹੈ, ਜਦਕਿ 1500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ ਕਰੀਬ 290 ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਅਧਿਕਾਰੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਦੀਆਂ ਤੇ ਹੇਠਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।






