ਤਰਨਤਾਰਨ ’ਚ ਦਿਨ-ਦਿਹਾੜੇ ਮਹਿਲਾ ਦਾ ਕਤਲ; ਨਕਾਬਪੋਸ਼ ਲੁਟੇਰਿਆਂ ਨੇ ਘਰ ’ਚ ਦਾਖ਼ਲ ਹੋ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਤਰਨ ਤਾਰਨ, 29 ਅਗਸਤ 2026- ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਾਲੀਆ ਕਲਾਂ ਵਿੱਚ ਰੱਖੜੀ ਦੇ ਪਵਿੱਤਰ ਦਿਹਾੜੇ ਦਿਨ-ਦਿਹਾੜੇ ਵਾਪਰੀ ਲੁੱਟ ਅਤੇ ਮਹਿਲਾ ਦੇ ਕਤਲ ਦੀ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਦੋ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਕਥਿਤ ਤੌਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਰ ਵਿੱਚ ਮੌਜੂਦ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।
ਮ੍ਰਿਤਕ ਮਹਿਲਾ ਦੀ ਪਛਾਣ ਕੁਲਦੀਪ ਕੌਰ (38), ਪਤਨੀ ਲਖਵਿੰਦਰ ਸਿੰਘ ਉਰਫ਼ ਲੱਖੀ, ਵਜੋਂ ਹੋਈ ਹੈ। ਘਟਨਾ ਸਮੇਂ ਮਹਿਲਾ ਦਾ ਪੁੱਤਰ ਸਕੂਲ ਗਿਆ ਹੋਇਆ ਸੀ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ, ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਕਰੀਬ 10:52 ਵਜੇ ਘਰ ਵਿੱਚ ਦਾਖ਼ਲ ਹੋਏ ਅਤੇ ਲਗਭਗ 11:20 ਵਜੇ ਉਥੋਂ ਬਾਹਰ ਨਿਕਲ ਗਏ। ਇਸ ਦੌਰਾਨ ਘਰ ਵਿੱਚ ਮੌਜੂਦ ਕੁਲਦੀਪ ਕੌਰ ਦੀ ਹੱਤਿਆ ਕਰ ਦਿੱਤੀ ਗਈ ਅਤੇ ਘਰ ਵਿੱਚੋਂ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ।
ਮ੍ਰਿਤਕਾ ਦੇ ਪਤੀ ਅਤੇ ਆਰਮੀ ਤੋਂ ਸੇਵਾਮੁਕਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਰ ਵਿੱਚੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀਆਂ ਵਾਲੀਆਂ, ਚੇਨ ਅਤੇ ਅੰਗੂਠੀ ਗਾਇਬ ਹਨ। ਹਾਲਾਂਕਿ ਮਹਿਲਾ ਦੀ ਹੱਤਿਆ ਕਿਸ ਕਾਰਨ ਅਤੇ ਕਿਵੇਂ ਕੀਤੀ ਗਈ, ਇਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਰੱਖੜੀ ਦੇ ਮੌਕੇ ਇਸ ਵਾਰਦਾਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਵਿਦੇਸ਼ ਵਿੱਚ ਰਹਿੰਦਾ ਮ੍ਰਿਤਕਾ ਦਾ ਭਰਾ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਦੀ ਉਡੀਕ ਕਰ ਰਿਹਾ ਸੀ, ਪਰ ਉਸ ਨੂੰ ਅਚਾਨਕ ਭੈਣ ਦੀ ਮੌਤ ਦੀ ਖ਼ਬਰ ਮਿਲੀ। ਇਸ ਦੁਖਦਾਈ ਸੂਚਨਾ ਤੋਂ ਬਾਅਦ ਉਹ ਸਦਮੇ ਵਿੱਚ ਹੈ ਅਤੇ ਇੰਗਲੈਂਡ ਤੋਂ ਭਾਰਤ ਵਾਪਸ ਆ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀਐਸਪੀ ਇਨਵੈਸਟੀਗੇਸ਼ਨ ਸ਼ਿਵ ਦਰਸ਼ਨ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵਾਰਦਾਤ ਨਾਲ ਜੁੜੇ ਹਰੇਕ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।






