BREAKING- IAS ਅਫ਼ਸਰ ਨੇ ਦਿੱਤਾ ਅਸਤੀਫ਼ਾ, ਭਾਵੁਕ ਚਿੱਠੀ ਰਾਹੀਂ ਦੱਸਿਆ ਕਾਰਨ

Top Trending News ਰਾਸ਼ਟਰੀ

 

BREAKING- IAS ਅਫ਼ਸਰ ਨੇ ਦਿੱਤਾ ਅਸਤੀਫ਼ਾ, ਭਾਵੁਕ ਚਿੱਠੀ ਰਾਹੀਂ ਦੱਸਿਆ ਕਾਰਨ

ਉੱਤਰ ਪ੍ਰਦੇਸ਼, 30 ਅਗਸਤ 2026: ਉੱਤਰ ਪ੍ਰਦੇਸ਼ ਕੇਡਰ ਦੀ ਸੀਨੀਅਰ IAS ਅਧਿਕਾਰੀ ਦਿਵਿਆ ਮਿੱਤਲ ਨੇ 13 ਸਾਲ ਦੀ ਸਰਕਾਰੀ ਸੇਵਾ ਤੋਂ ਬਾਅਦ ਆਪਣੇ ਅਹੁਦੇ ਤੋਂ ਸਵੈ-ਇੱਛਾ ਨਾਲ ਅਸਤੀਫ਼ਾ ਦੇ ਦਿੱਤਾ ਹੈ। ਦੇਵਰੀਆ, ਮਿਰਜ਼ਾਪੁਰ ਅਤੇ ਸੰਤ ਕਬੀਰ ਨਗਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ ਸੇਵਾਵਾਂ ਨਿਭਾਅ ਚੁੱਕੀ ਦਿਵਿਆ ਮਿੱਤਲ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਚਿੱਠੀ ਸਾਂਝੀ ਕਰਦਿਆਂ ਆਪਣੇ ਫੈਸਲੇ ਅਤੇ ਸਰਕਾਰੀ ਸੇਵਾ ਦੇ ਤਜਰਬਿਆਂ ਨੂੰ ਯਾਦ ਕੀਤਾ।

IIT ਦਿੱਲੀ ਅਤੇ IIM ਬੰਗਲੌਰ ਵਰਗੀਆਂ ਵੱਕਾਰੀ ਸੰਸਥਾਵਾਂ ਤੋਂ ਸਿੱਖਿਆ ਹਾਸਲ ਕਰਨ ਤੋਂ ਬਾਅਦ ਦਿਵਿਆ ਮਿੱਤਲ ਨੇ ਲੰਡਨ ਦੀ ਮਸ਼ਹੂਰ ਵਿੱਤੀ ਕੰਪਨੀ JPMorgan ਵਿੱਚ ਐਸੋਸੀਏਟ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਚੰਗੇ ਕਰੀਅਰ ਅਤੇ ਸੁਖ-ਸਹੂਲਤਾਂ ਦੇ ਬਾਵਜੂਦ ਉਨ੍ਹਾਂ ਨੂੰ ਅੰਦਰੋਂ ਅਧੂਰਾਪਣ ਮਹਿਸੂਸ ਹੁੰਦਾ ਸੀ। ਇਸ ਤੋਂ ਬਾਅਦ ਉਹ ਭਾਰਤ ਪਰਤ ਆਈ ਅਤੇ UPSC ਦੀ ਪ੍ਰੀਖਿਆ ਪਾਸ ਕਰਕੇ IAS ਅਧਿਕਾਰੀ ਬਣੀ।

ਆਪਣੀ ਚਿੱਠੀ ਵਿੱਚ ਉਨ੍ਹਾਂ ਸਰਕਾਰੀ ਸੇਵਾ ਦੌਰਾਨ ਮਿਲੇ ਤਜਰਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਵਰੀਆ ਨੇ ਉਨ੍ਹਾਂ ਨੂੰ ਸੱਚ ਦੇ ਨਾਲ ਖੜ੍ਹੇ ਰਹਿਣਾ ਸਿਖਾਇਆ, ਜਦਕਿ ਮਿਰਜ਼ਾਪੁਰ ਨੇ ਇਹ ਵਿਸ਼ਵਾਸ ਦਿੱਤਾ ਕਿ ‘ਅਸੰਭਵ’ ਕੋਈ ਤੱਥ ਨਹੀਂ, ਸਗੋਂ ਸਿਰਫ਼ ਇੱਕ ਰਾਏ ਹੈ।

ਦਿਵਿਆ ਮਿੱਤਲ ਨੇ ਲਿਖਿਆ ਕਿ ਹਰ ਸਰਕਾਰੀ ਫਾਈਲ ਦੇ ਪਿੱਛੇ ਇੱਕ ਇਨਸਾਨ ਹੁੰਦਾ ਹੈ ਅਤੇ ਉਸ ਦੀ ਇੱਜ਼ਤ ਕਾਇਮ ਰੱਖਣਾ ਹੀ ਅਸਲ ਨਿਆਂ ਹੈ। ਉਨ੍ਹਾਂ ਲਾਹੌਰੀਆ ਦਹ ਪਹਾੜੀ ਦੀ ਇੱਕ ਬਜ਼ੁਰਗ ਔਰਤ ਨੂੰ ਵੀ ਯਾਦ ਕੀਤਾ, ਜਿਸ ਨੇ ਪਿੰਡ ਵਿੱਚ ਪਾਣੀ ਪਹੁੰਚਣ ’ਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਸ ਆਸ਼ੀਰਵਾਦ ਦੀ ਛੋਹ ਉਨ੍ਹਾਂ ਨਾਲ ਸਾਰੀ ਜ਼ਿੰਦਗੀ ਰਹੇਗੀ।